ਡਾਲਰ ਚਿਣ ਕੇ ਬਣਾਈਆਂ ਕੋਠੀਆਂ ਹੋਈਆਂ ਸੁੰਨੀਆਂ

0
301

ਵਿਦੇਸ਼ਾਂ ਨੂੰ ਉੱਡਦਾ ਪੰਜਾਬ

ਪਿੰਡ ਮਿਆਣੀ ਦਾ 70 ਸਾਲਾ ਬਜ਼ੁਰਗ ਬਲਦੇਵ ਸਿੰਘ (ਅਸਲੀ ਨਾਂ ਨਹੀਂ) ਕੁਝ ਦਿਨ ਪਹਿਲਾਂ ਸਿਰ ਦੀ ਨਸ ਫ਼ਟਣ ਕਰ ਕੇ ਆਪਣੇ ਕਮਰੇ ’ਚ ਡਿੱਗ ਪਿਆ। ਘਰ ’ਚ ਹੋਰ ਕੋਈ ਨਹੀਂ ਸੀ। ਜਿਵੇਂ-ਕਿਵੇਂ ਟੈਲੀਫ਼ੋਨ ਕਰ ਕੇ ਪਿੰਡ ਦੇ ਇਕ ਵਾਕਿਫ਼ ਨੂੰ ਦੱਸਿਆ। ਉਹ ਭਲਾ ਮਾਨਸ ਸਾਥੀਆਂ ਨੂੰ ਲੈ ਕੇ ਘਰ ਤਾਂ ਆ ਗਿਆ, ਪਰ ਅੰਦਰੋਂ ਜਿੰਦਾ ਲੱਗਿਆ ਹੋਇਆ ਸੀ। ਕੰਧ ਟੱਪ ਕੇ ਮਦਦਗਾਰ ਅੰਦਰ ਪੁੱਜੇ। ਸਬੱਬੀ ਅੰਦਰਲਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਉਨ੍ਹਾਂ ਬਜ਼ੁਰਗ ਨੂੰ ਗੱਡੀ ’ਚ ਪਾ ਕੇ ਹਸਪਤਾਲ ਪਹੁੰਚਾਇਆ। ਦੋ-ਤਿੰਨ ਦਿਨ ਉਸ ਦੀ ਖਿਦਮਤ ਕੀਤੀ ਤੇ ਫ਼ਿਰ ਕਿਸੇ ਦੂਰ ਦੇ ਰਿਸ਼ਤੇਦਾਰ ਨੂੰ ਸੱਦ ਕੇ ਉਸ ਦੇ ਹਵਾਲੇ ਕੀਤਾ। ਅਜੇ ਵੀ ਉਹ ਬਜ਼ੁਰਗ ਹਸਪਤਾਲ ’ਚ ਜ਼ੇਰੇ ਇਲਾਜ ਹੈ। ਪਤਨੀ ਤੇ ਬੱਚੇ ਵਿਦੇਸ਼ ’ਚ ਹਨ। ਸੂਚਨਾ ਦੇ ਦਿੱਤੀ ਗਈ ਹੈ। ਕਦੋਂ ਆਉਂਦੇ ਹਨ, ਆਉਂਦੇ ਵੀ ਹਨ ਜਾਂ ਨਹੀਂ, ਕੁਝ ਪਤਾ ਨਹੀਂ।
ਦੋਆਬੇ ’ਚ ਇਸ ਤਰ੍ਹਾਂ ਦੇ ਕਈ ਬਲਦੇਵ ਸਿੰਘ ਆਪਣੇ ਪੁੱਤਾਂ-ਧੀਆਂ ਨੂੰ ਵਿਦੇਸ਼ ਭੇਜ ਕੇ ਖਾਲੀ ਹੋਏ ਬੈਠੇ ਹਨ। ਪੁਰਸ਼ਾਂ ਨਾਲੋਂ ਔਰਤਾਂ ਅਜਿਹੇ ਹਾਲਾਤ ਦਾ ਸਾਹਮਣਾ ਜ਼ਿਆਦਾ ਕਰ ਰਹੀਆਂ ਹਨ। ਦੋਆਬੇ ਦੇ ਪਿੰਡਾਂ ’ਚ ਖ਼ਾਸ ਤੌਰ ’ਤੇ ਬਿਆਸ ਦਰਿਆ ਨਾਲ ਲੱਗਦੇ ਬੇਟ ਇਲਾਕੇ ਵਿਚ ਵਿਦੇਸ਼ਾਂ ਨੂੰ ਜਾਣਾ ਜਾਂ ਬੱਚਿਆਂ ਨੂੰ ਬਾਹਰ ਭੇਜਣਾ ‘ਸਟੇਟਸ ਸਿੰਬਲ’ ਹੈ। ਤਾਹੀਓਂ 4-5 ਸਾਲ ਪਹਿਲਾਂ ਪਿੰਡ ਜਲਾਲਪੁਰ ਅਤੇ ਟਾਹਲੀ ਦੇ ਦੋ ਨਾਬਾਲਗ ਲੜਕੇ ਜਦੋਂ ਕੋਲੰਬੀਆ ’ਚ ਬਿਨਾਂ ਵੀਜ਼ਾ ਫੜੇ ਗਏ ਸਨ ਤਾਂ ਦੂਤਾਵਾਸ ਨੂੰ ਉਨ੍ਹਾਂ ਦੇ ਮਾਪਿਆਂ ਦੀਆਂ ਮਿੰਨਤਾਂ ਕਰਨੀਆਂ ਪਈਆਂ ਸਨ ਕਿ ਟਿਕਟਾਂ ਭੇਜ ਕੇ ਉਨ੍ਹਾਂ ਨੂੰ ਵਾਪਸ ਮੰਗਵਾ ਲਓ। ਮਾਪੇ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਕੀਟੋ ਛੱਡ ਦਿੱਤਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਉਹ ਅੱਗੇ ਚਲੇ ਜਾਣ। ਉਦੋਂ ਤਾਂ ਲੜਕੇ ਵਾਪਸ ਆ ਗਏ, ਪਰ ਪਤਾ ਲੱਗਿਆ ਹੈ ਕਿ ਬਾਅਦ ਵਿਚ ਉਹ ਅਮਰੀਕਾ ਪਹੁੰਚ ਗਏ।
ਦੋਆਬੇ ਵਿਚ ਵਿਦੇਸ਼ੀਂ ਜਾਣ ਦਾ ਮੋਹ ਇੰਨਾ ਭਾਰੂ ਹੈ ਕਿ ਘਰਾਂ ਦੇ ਘਰ ਖਾਲੀ ਹੋਏ ਪਏ ਹਨ। ਡਾਲਰ ਚਿਣ ਕੇ ਬਣਾਈਆਂ ਇਮਾਰਤਾਂ ਅੰਦਰੋਂ ਸੁੰਨੀਆਂ ਪਈਆਂ ਹਨ। ਕਿਸੇ ਘਰ ਵਿਚ ਕੋਈ ਬਜ਼ੁਰਗ ਬੈਠਾ ਹੈ ਤੇ ਕਿਸੇ ’ਚ ਕੋਈ ਨੌਜਵਾਨ ਵੀਜ਼ੇ ਦੀ ਉਡੀਕ ਵਿਚ ਹੈ। ਵਿਦੇਸ਼ਾਂ ’ਚ ਪਰਵਾਸ ਕਰਨ ਦਾ ਰੁਝਾਨ 70ਵਿਆਂ ਵਿਚ ਸ਼ੁਰੂ ਹੋਇਆ ਸੀ, ਜੋ ਅੱਜ ਵੀ ਜਾਰੀ ਹੈ।
ਅੱਜ ਆਈਲੈੱਟਸ ਕੇਂਦਰਾਂ ਦੇ ਨਾਲ-ਨਾਲ ਟਰੈਵਲ ਏਜੰਟਾਂ ਦੀ ਗਿਣਤੀ ਵੀ ਵਧ ਗਈ ਹੈ। ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਟਰੈਵਲ ਏਜੰਟਾਂ ਨੇ ਰਜਿਸਟ੍ਰੇਸ਼ਨ ਕਰਾਉਣੀ ਸ਼ੁਰੂ ਕੀਤੀ ਹੈ। ਇਸ ਵੇਲੇ ਸਿਰਫ਼ 130 ਦੇ ਕਰੀਬ ਰਜਿਸਟਰਡ ਏਜੰਟ ਹਨ।
ਪਿੰਡ ਗਿਲਜੀਆਂ ਦਾ ਨੌਜਵਾਨ ਗੁਰਮੀਤ ਸਿੰਘ ਵਿਦੇਸ਼ ਜਾਣ ਦੀ ਉਡੀਕ ’ਚ ਪੜ੍ਹਾਈ ਛੱਡ ਕੇ ਬੈਠਾ ਹੈ। ਮਾਪਿਆਂ ਨੇ ਕਰਜ਼ਾ ਲੈ ਕੇ ਉਸ ਦੇ ਵੱਡੇ ਭਰਾ ਨੂੰ ਬਾਹਰ ਭੇਜ ਦਿੱਤਾ ਸੀ। ਹੁਣ ਇੰਤਜ਼ਾਰ ਹੈ ਕਿ ਉਹ ਪੈਸੇ ਭੇਜ ਕੇ ਕਰਜ਼ਾ ਉਤਾਰੇ ਤੇ ਛੋਟੇ ਭਰਾ ਨੂੰ ਵਿਦੇਸ਼ ਲਿਜਾਣ ਲਈ ਪੈਸੇ ਦਾ ਬੰਦੋਬਸਤ ਕਰੇ। ਵਿਦੇਸ਼ ਜਾਣ ਦੀ ਚਾਹਤ ਕਈ ਵਾਰ ਭਾਰੀ ਵੀ ਪੈ ਜਾਂਦੀ ਹੈ, ਇਸ ਦੇ ਬਾਵਜੂਦ ਪਰਵਾਸ ਦਾ ਰੁਝਾਨ ਜਾਰੀ ਹੈ। ਮਾਲਟਾ ਕਿਸ਼ਤੀ ਕਾਂਡ ਵਰਗੇ ਹਾਦਸੇ ਵੀ ਇਹ ਰੁਝਾਨ ਰੋਕ ਨਹੀਂ ਸਕੇ। ਪਿੰਡ ਕਲਿਆਣਪੁਰ ਦੇ ਮਨਜੀਤ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਖਤਰਾ ਮੁੱਲ ਲੈ ਕੇ ਬਾਹਰ ਜਾਣ ਦਾ ਕੀ ਫ਼ਾਇਦਾ ਤਾਂ ਉਸ ਦਾ ਜਵਾਬ ਸੀ ਕਿ ਨਸ਼ੇ ਵੀ ਸਿਹਤ ਲਈ ਹਾਨੀਕਾਰਕ ਹਨ, ਪਰ ਫ਼ਿਰ ਵੀ ਲੋਕ ਨਸ਼ੇ ਕਰਦੇ ਹਨ। ਵਿਦੇਸ਼ ਜਾਣ ਦੀ ਲਾਲਸਾ ਵੀ ਇਕ ਨਸ਼ਾ ਹੈ। ਇਸੇ ਪਿੰਡ ਦੇ ਸੁਰਿੰਦਰਪਾਲ ਸਿੰਘ ਨੂੰ ਪਿਛਲੇ ਸਾਲ ਏਜੰਟਾਂ ਨੇ ਬੰਗਲੌਰ ਜਾ ਕੇ ਕਤਲ ਕਰ ਦਿੱਤਾ ਸੀ ਤੇ ਘਰਦਿਆਂ ਨੂੰ ਦੱਸਿਆ ਗਿਆ ਸੀ ਕਿ ਉਹ ਕੈਨੇਡਾ ਪੁੱਜ ਗਿਆ ਹੈ। ਇਸ ਗੱਲੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਰਦੇਸ ਗਏ ਕਈ ਲੋਕਾਂ ਨੇ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਪੱਧਰ ਕਾਫ਼ੀ ਬਿਹਤਰ ਬਣਾ ਲਿਆ। ਜ਼ਿਲ੍ਹੇ ਦੇ ਕਈ ਐਨਆਰਆਈਜ਼ ਨੇ ਵਿਦੇਸ਼ਾਂ ’ਚ ਵੀ ਚੰਗਾ ਨਾਮਣਾ ਖੱਟਿਆ ਹੈ। ਨੰਗਲ ਸ਼ਹੀਦਾਂ ਦੇ ਲਾਲਾ ਲਾਜਪਤ ਰਾਏ ਮੁੰਗੇਰ ਕੈਲੀਫੋਰਨੀਆ ਵਿਚ ‘ਪਿਸਤਾ ਕਿੰਗ’ ਵਜੋਂ ਉੱਭਰੇ। ਉਨ੍ਹਾਂ ਦਾ ਪਰਿਵਾਰ ਅਮਰੀਕਾ ’ਚ ਹੀ ਵਸਿਆ ਹੋਇਆ ਹੈ। ਉਨ੍ਹਾਂ ਬਜਵਾੜਾ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਕਾਲਜ ਬਣਵਾਇਆ, ਜੋ ਅੱਜ ਪੰਜਾਬ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਵਜੋਂ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ ਦੀਦਾਰ ਸਿੰਘ ਬੈਂਸ ਯੂਬਾ ਸਿਟੀ ਅਮਰੀਕਾ ਵਿਚ ਸਭ ਤੋਂ ਵੱਡੇ ਆੜੂ ਉਤਪਾਦਕ ਬਣੇ। ਬੰਬੇਲੀ ਦੇ ਕੁੰਦਨ ਸਿੰਘ ਲਗਭਗ 45 ਸਾਲ ਪਹਿਲਾਂ ਕੈਨੇਡਾ ਗਏ ਸਨ। ਅੱਜ ਉਨ੍ਹਾਂ ਦਾ ਬੇਟਾ ਹਰਜੀਤ ਸਿੰਘ ਸੱਜਣ ਕੈਨੇਡਾ ਦਾ ਰੱਖਿਆ ਮੰਤਰੀ ਹੈ। ਦੋ ਐਨਆਰਆਈਜ਼ ਗੁਰਦੇਵ ਸਿੰਘ ਗਿੱਲ ਅਤੇ ਰਘੁਵੀਰ ਸਿੰਘ ਬੱਸੀ ਦੇ ਯਤਨਾਂ ਨਾਲ ਖੜੌਦੀ ਪਿੰਡ ਇਕ ਮਾਡਲ ਵਜੋਂ ਸਥਾਪਿਤ ਹੋਇਆ ਹੈ। #ਹਰਪ੍ਰੀਤ ਕੌਰ