ਦੋ ਮੁਤਵਾਜ਼ੀ ਜੱਥੇਦਾਰਾਂ ਮੰਡ ਤੇ ਦਾਦੂਵਾਲ ਵਿਚਾਲੇ ‘ਮਤਭੇਦ’

0
173

ਬਰਗਾੜੀ  : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਹੁਰਾਂ ਨੇ ਭਾਵੇਂ ਬਰਗਾੜੀ `ਚ ਛੇ ਮਹੀਨੇ ਇਕੱਠੇ ਇੱਕ ਥਾਂ ਬਹਿ ਕੇ ਮੋਰਚਾ ਸਫ਼ਲਤਾਪੂਰਬਕ ਚਲਾਇਆ ਪਰ ਅੱਜ ਉਨ੍ਹਾਂ ਵਿਚਲੇ ਆਪਸੀ ਵਿਚਾਰਧਾਰਕ ਮਤਭੇਦ ਉਜਾਗਰ ਹੋ ਗਏ। ਜੱਥੇਦਾਰ ਦਾਦੂਵਾਲ ਨੇ ਦੋਸ਼ ਲਾਇਆ ਕਿ – ‘ਜੱਥੇਦਾਰ ਮੰਡ ਨੇ ਤਾਨਾਸ਼ਾਹੀ ਨਾਲ ਬਰਗਾੜੀ ਮੋਰਚਾ ਚਲਾਇਆ ਹੈ ਤੇ ਇਹ ਮੋਰਚਾ ਖ਼ਤਮ ਕਰਦੇ ਸਮੇਂ ਸੰਗਤ ਨੂੰ ਪੂਰੀ ਤਰ੍ਹਾਂ ਭਰੋਸੇ `ਚ ਨਹੀਂ ਲਿਆ ਗਿਆ।` ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਜੱਥੇਦਾਰ ਮੰਡ ਦਾ ਕਦੇ ਵਿਰੋਧ ਵੀ ਨਹੀਂ ਕੀਤਾ ਪਰ ਫਿਰ ਵੀ ਮੋਰਚਾ ਖ਼ਤਮ ਕਰਦੇ ਸਮੇਂ ਸੰਗਤ ਨੂੰ ਤਾਂ ਭਰੋਸੇ `ਚ ਜ਼ਰੂਰ ਲਿਆ ਜਾਣਾ ਚਾਹੀਦਾ ਸੀ।

ਜੱਥੇਦਾਰ ਦਾਦੂਵਾਲ ਨੇ ਕਿਹਾ ਕਿ ਇਸ ਵੇਲੇ ਬਰਗਾੜੀ ਮੋਰਚਾ ਖ਼ਤਮ ਕਰਨਾ ਕੋਈ ਸਿਆਣਪ ਨਹੀਂ ਹੈ। ਇਹ ਹਾਲੇ ਕੁਝ ਸਮਾਂ ਹੋਰ ਚੱਲ ਸਕਦਾ ਸੀ ਤੇ ਸਿੱਖ ਕੌਮ ਨੇ ਤਦ ਨਾਰਾਜ਼ ਨਹੀਂ ਹੋਣਾ ਸੀ। ਉਨ੍ਹਾਂ ਕਿਹਾ ਕਿ ਇਹ ਮੋਰਚਾ ਖ਼ਤਮ ਕਰਨ ਦਾ ਫ਼ੈਸਲਾ ਜੱਥੇਦਾਰ ਮੰਡ ਹੁਰਾਂ ਆਪਣੇ ਇਕੱਲੇ ਦੇ ਪੱਧਰ `ਤੇ ਲਿਆ ਹੈ।

ਜੱਥੇਦਾਰ ਦਾਦੂਵਾਲ ਨੇ ਕਿਹਾ ਕਿ ਹਾਲੇ ਤੱਕ ਜਦੋਂ ਬਾਦਲਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਬੇਅਦਬੀ ਕਾਂਡਾਂ ਵਿੱਚ ਨਾ ਹੀ ਡੇਰਾ ਸਿਰਸਾ ਦੇ ਮੁਖੀ ਵਿਰੁੱਧ ਕੋਈ ਤਾਜ਼ਾ ਕਾਨੂੰਨੀ ਕਾਰਵਾਈ ਹੋਈ ਹੈ, ਇਸ ਲਈ ਮੋਰਚੇ ਨੂੰ ਤੁਸੀਂ ਸਫ਼ਲ ਨਹੀਂ ਆਖ ਸਕਦੇ।