ਵਿਸਰਦਾ ਵਿਰਸਾ : ਅਲੋਪ ਹੋਇਆ ਬੂਟੀਆਂ ਵਾਲਾ ਝੋਲਾ

0
419

ਖੱਦਰ ਜਾਂ ਕੇਸਮੈਂਟ ਦਾ ਬੂਟੀਆਂ ਵਾਲਾ ਝੋਲਾ ਪੰਜਾਬੀ ਸੱਭਿਆਚਾਰ ਦੀ ਅਹਿਮ ਵੰਨਗੀ ਰਿਹਾ ਹੈ। ਸਮੇਂ ਦੇ ਨਾਲ ਨਾਲ ਪੰਜਾਬ ਦੇ ਅਮੀਰ ਵਿਰਸੇ ਵਿਚੋਂ ਇਹ ਵੰਨਗੀ ਵੀ ਲੋਪ ਹੋ ਗਈ। ਬੀਤੇ ਹੋਏ ਦੌਰ ਵਿਚ ਇਹ ਬਹੁਤ ਪ੍ਰਚੱਲਿਤ ਹੁੰਦਾ ਸੀ।
ਪਿੰਡੋਂ ਸ਼ਹਿਰ ਘਰ ਦਾ ਸਾਮਾਨ ਲੈਣ ਜਾਣਾ, ਧੀ ਦੇ ਵਿਆਹ ਦੇ ਗਹਿਣੇ, ਮੰਡੀ ਕੋਈ ਫ਼ਸਲ ਵੇਚਣ ਜਾਣਾ ਤਾਂ ਇਹ ਝੋਲਾ ਉਸ ਵੇਲੇ ਅਕਸਰ ਹੀ ਵਰਤਿਆ ਜਾਂਦਾ। ਸ਼ਾਮ ਨੂੰ ਜਦੋਂ ਬਾਪੂ ਫ਼ਸਲ ਵੇਚ ਕੇ ਮੰਡੀਓ ਘਰ ਆਉਂਦਾ ਤਾਂ ਬੱਚਿਆਂ ਦੀ ਨਜ਼ਰ ਬੂਟੀਆਂ ਵਾਲੇ ਝੋਲੇ ’ਤੇ ਹੀ ਹੁੰਦੀ ਸੀ ਕਿ ਬਾਪੂ ਖਾਣ ਨੂੰ ਕੀ ਲੈ ਕੇ ਆਇਆ ਹੈ। ਬੱਚਿਆਂ ਦੀ ਨਜ਼ਰ ਘਰ ਆਏ ਰਿਸ਼ਤੇਦਾਰ ਦੇ ਝੋਲੇ ’ਤੇ ਵੀ ਟਿਕੀ ਰਹਿੰਦੀ ਸੀ। ਕੋਈ ਵੀ ਦੁੱਖ ਸੁੱਖ ਹੁੰਦਾ ਤਾਂ ਝੋਲਾ ਪੰਜਾਬੀਆਂ ਦਾ ਹਿੱਸਾ ਜ਼ਰੂਰ ਬਣਦਾ ਸੀ। ਜਿਵੇਂ ਹੁਣ ਘਰ ਤੋਂ ਬਾਹਰ ਨਿਕਲਣ ਲੱਗਿਆਂ ਸਭ ਤੋਂ ਪਹਿਲਾਂ ਮੋਬਾਈਲ ਫੜਦੇ ਹਾਂ, ਪਹਿਲਾਂ ਉਸ ਤਰ੍ਹਾਂ ਹੀ ਸਭ ਤੋਂ ਪਹਿਲਾਂ ਹੱਥ ਵਿਚ ਝੋਲਾ ਫੜਿਆ ਜਾਂਦਾ, ਫਿਰ ਹੀ ਘਰ ਤੋਂ ਪੈਰ ਬਾਹਰ ਰੱਖਿਆ ਜਾਂਦਾ ਸੀ।
ਬੂਟੀਆਂ ਵਾਲਾ ਝੋਲਾ ਘਰ ਦੀਆਂ ਸੁਆਣੀਆਂ ਵੱਲੋਂ ਘਰ ਵਿਚ ਹੀ ਖੱਡੀ ’ਤੇ ਬੁਣੇ ਖੱਦਰ ਜਾਂ ਕੇਸਮੈਂਟ ਦੀ ਚਾਦਰ ਤੋਂ ਬਣਾਇਆ ਜਾਂਦਾ ਸੀ। ਝੋਲੇ ਦੀ ਸਿਲਾਈ ਕਰਕੇ ਘਰ ਦੀਆਂ ਸੁਆਣੀਆਂ ਉਸ ਉੱਪਰ ਸੋਹਣੇ ਸੋਹਣੇ ਫੁੱਲ ਬੂਟੀਆਂ ਜਾਂ ਚਿੜੀ ਜਨੌਰਾਂ ਦੀਆਂ ਤਸਵੀਰਾਂ ਉੱਨ ਜਾਂ ਕਿਸੇ ਖ਼ਾਸ ਕਿਸਮ ਦੇ ਧਾਗੇ ਨਾਲ ਬਣਾ ਦਿੰਦੀਆਂ ਸਨ। ਝੋਲੇ ਦੀਆਂ ਤਣੀਆਂ ’ਤੇ ਵੀ ਕਢਾਈ ਕੀਤੀ ਜਾਂਦੀ। ਕਈ ਵਾਰ ਤਾਂ ਤਣੀਆਂ ਦੇ ਨਾਲ ਛੋਟੇ ਛੋਟੇ ਰੇਸ਼ਮ ਦੇ ਧਾਗਿਆਂ ਦੇ ਫੁੱਲ ਬਣਾ ਕੇ ਲਾ ਦਿੱਤੇ ਜਾਂਦੇ।
ਬੂਟੀਆਂ ਵਾਲੇ ਝੋਲੇ ਨੂੰ ਧੀ ਦੇ ਦਾਜ ਵਿਚ ਦਿੱਤੀ ਜਾਣ ਵਾਲੀ ਸੌਗਾਤ ਦਾ ਵੀ ਮਾਣ ਹਾਸਲ ਰਿਹਾ ਹੈ। ਲੜਕੀ ਦੀਆਂ ਤਾਈਆਂ, ਚਾਚੀਆਂ, ਭੂਆ ਅਤੇ ਮਾਸੀਆਂ ਵੱਧ ਤੋਂ ਵੱਧ ਮੀਨਾਕਾਰੀ ਕਰ ਕੇ ਇਹ ਝੋਲੇ ਦਾਜ ਵਿਚ ਪਾਉਣ ਲਈ ਲਿਆਉਂਦੀਆਂ ਤਾਂ ਜੋ ਉਨ੍ਹਾਂ ਦੇ ਹੁਨਰ ਦਾ ਚਰਚਾ ਧੀ ਦੇ ਸਹੁਰਿਆਂ ਤਕ ਵੀ ਪਹੁੰਚ ਸਕੇ। ਵਿਆਹ ਤੋਂ ਪਹਿਲਾਂ ਕੁੜੀਆਂ ਅਕਸਰ ਆਪਣੇ ਹੱਥੀਂ ਝੋਲੇ ’ਤੇ ਬੂਟੀਆਂ ਕੱਢਦੀਆਂ। ਝੋਲਿਆਂ ’ਤੇ ਕਢਾਈ ਕਰਨ ਦਾ ਹੁਨਰ ਵਿਆਹ ਤੋਂ ਬਾਅਦ ਅੱਗੇ ਦੀ ਜ਼ਿੰਦਗੀ ਵਿਚ ਵੀ ਉਨ੍ਹਾਂ ਦੇ ਕੰਮ ਆਉਂਦਾ। ਜੇਕਰ ਕਿਸੇ ਦੀ ਨੂੰਹ/ਧੀ ਨੂੰ ਇਹ ਕਲਾ ਨਾ ਆਉਂਦੀ ਤਾਂ ਉਸਨੂੰ ਭੰਡਿਆ ਜਾਂਦਾ ਸੀ। ਜਿਸ ਧੀ-ਭੈਣ ਨੂੰ ਇਸ ਵਿਚ ਬਹੁਤ ਮੁਹਾਰਤ ਹੁੰਦੀ, ਉਸਦੀ ਸਭ ਪਾਸੇ ਵਡਿਆਈ ਹੁੰਦੀ ਸੀ।

ਬੂਟੀਆਂ ਵਾਲਾ ਝੋਲਾ ਸੰਧਾਰੇ ਵੇਲੇ ਵੀ ਵਰਤਿਆ ਜਾਂਦਾ। ਜਦੋਂ ਕੋਈ ਭਰਾ ਆਪਣੀ ਭੈਣ ਕੋਲ ਉਸ ਦੇ ਸਹੁਰੇ ਘਰ ਸੰਧਾਰਾ ਦੇਣ ਜਾਂਦਾ ਤਾਂ ਉਸ ਦੇ ਇਕ ਹੱਥ ਪੀਪਾ ਫੜਿਆ ਹੁੰਦਾ ਤੇ ਦੂਜੇ ਹੱਥ ਵਿਚ ਖੂੰਡੇ ਨਾਲ ਬੂਟੀਆਂ ਵਾਲਾ ਝੋਲਾ, ਪਰ ਅਜੋਕੇ ਸਮੇਂ ਵਿਚ ਨਵੀਂ ਪੀੜ੍ਹੀ ਨੇ ਇਸ ਵਿਰਸੇ ਨੂੰ ਵਿਸਾਰ ਦਿੱਤਾ ਹੈ। ਕਈਆਂ ਨੂੰ ਤਾਂ ਇਸ ਬਾਰੇ ਪਤਾ ਵੀ ਨਹੀਂ ਹੈ। ਹੁਣ ਪਲਾਸਟਿਕ ਦੇ ਝੋਲਿਆਂ ਨੇ ਬੂਟੀਆਂ ਵਾਲੇ ਝੋਲੇ ਦੀ ਥਾਂ ਲੈ ਲਈ ਹੈ। ਜਿੱਥੇ ਅਸੀਂ ਆਪਣੀ ਇਸ ਵੰਨਗੀ ਨੂੰ ਵਿਸਾਰ ਦਿੱਤਾ ਹੈ, ਉੱਥੇ ਹੀ ਪਲਾਸਟਿਕ ਦੇ ਝੋਲਿਆਂ ਦੀ ਵਰਤੋਂ ਨਾਲ ਬਿਮਾਰੀਆਂ ਵੀ ਸਹੇੜ ਲਈਆਂ ਹਨ। ਜਿੱਥੇ ਪਲਾਸਟਿਕ ਦੇ ਲਿਫ਼ਾਫ਼ੇ ਨੂੰ ਅਸੀਂ ਇਕ ਵਾਰ ਵਰਤ ਕੇ ਕੂੜੇ ਵਿਚ ਸੁੱਟ ਦਿੰਦੇ ਹਾਂ, ਉੱਥੇ ਘਰ ਬਣਾਏ ਇਹ ਝੋਲੇ ਕਈ-ਕਈ ਸਾਲ ਕਿਧਰੇ ਨਹੀਂ ਜਾਂਦੇ ਸਨ। ਧੋਣ ਤੋਂ ਬਾਅਦ ਇਹ ਫਿਰ ਨਵੇਂ ਨਕੋਰ ਹੋ ਜਾਂਦੇ ਸਨ।
ਹੁਣ ਵੀ ਇਹ ਝੋਲੇ ਦਿਖਾਈ ਜ਼ਰੂਰ ਦਿੰਦੇ ਹਨ, ਪਰ ਸਿਰਫ਼ ਪੰਜਾਬੀ ਵਿਰਾਸਤੀ ਮੇਲਿਆਂ ਵਿਚ। ਇਨ੍ਹਾਂ ਦੀ ਵਰਤੋਂ ਹੁਣ ਕਿਧਰੇ ਨਹੀਂ ਹੁੰਦੀ। ਪੰਜਾਬੀਆਂ ਨੂੰ ਇਸ ਵੰਨਗੀ ਨੂੰ ਦੁਬਾਰਾ ਜਿਉਂਦਾ ਕਰਨ ਦੀ ਲੋੜ ਹੈ ਤਾਂ ਜੋ ਜਿੱਥੇ ਇਕ ਪਾਸੇ ਸਾਡਾ ਵਿਰਸਾ ਸੰਭਾਲਿਆ ਜਾਏਗਾ, ਉੱਥੇ ਇਸਦੀ ਵਰਤੋਂ ਨਾਲ ਪਲਾਸਟਿਕ ਦੀ ਵਰਤੋਂ ਘਟਣ ਨਾਲ ਵਾਤਾਵਰਨ ਦਾ ਨੁਕਸਾਨ ਹੋਣਾ ਘਟੇਗਾ।
ਬੇਅੰਤ ਸਿੰਘ ਬਾਜਵਾ, ਸੰਪਰਕ: 98726-71446