ਪਾਇਲਟ ਬਣਨ ”ਤੇ ਪਿੰਡ ਦੇ ਬਜ਼ੁਰਗਾਂ ਨੂੰ ਮੁਫਤ ਕਰਵਾਈ ਹਵਾਈ ਯਾਤਰਾ

0
436

ਹਿਸਾਰ — ਹਿਸਾਰ ਦੇ ਸਾਰੰਗਪੁਰ ਦੇ ਵਿਕਾਸ ਦਾ ਬਚਪਨ ਤੋਂ ਸੁਪਨਾ ਸੀ ਕਿ ਉਹ ਪਾਇਲਟ ਬਣੇ ਅਤੇ ਆਪਣੇ ਪਿੰਡ ਦੇ ਬਜ਼ੁਰਗਾਂ ਨੂੰ ਹਵਾਈ ਜਹਾਜ਼ ਦੀ ਸੈਰ ਕਰਾਵੇ। ਹੁਣ ਪਾਇਲਟ ਬਣ ਚੁੱਕਾ ਹੈ ਅਤੇ ਉਸ ਨੇ ਆਪਣਾ ਇਹ ਸੁਪਨਾ ਪੂਰਾ ਕੀਤਾ ਹੈ। ਉਸ ਨੇ ਪਿੰਡ ਦੇ 22 ਬਜ਼ੁਰਗਾਂ ਨੂੰ ਹਵਾਈ ਜਹਾਜ਼ ਰਾਹੀਂ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਦੀ ਸੈਰ ਕਰਵਾਈ। ਉੱਥੇ ਉਹ ਸਭ ਜਲ੍ਹਿਆਂਵਾਲਾ ਬਾਗ, ਅਟਾਰੀ ਬਾਰਡਰ ਘੁੰਮੇ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਕੇ ਬਹੁਤ ਖੁਸ਼ ਹੋਏ। ਇਸ ‘ਚ ਤਕਰੀਬਨ 1 ਲੱਖ ਰੁਪਏ ਦਾ ਖਰਚ ਆਇਆ, ਜੋ ਵਿਕਾਸ ਨੇ ਆਪ ਹੀ ਦਿੱਤਾ।
ਵਿਕਾਸ ਦੇ ਪਿਤਾ ਮਹੇਂਦਰ ਜਿਆਣੀ ਫਤਿਹਾਬਾਦ ਦੇ ਜ਼ਮੀਨ ਵਿਕਾਸ ਬੈਂਕ ‘ਚ ਬ੍ਰਾਂਚ ਮੈਨੇਜਰ ਹਨ। ਵਿਕਾਸ ਨੇ ਕੈਲੀਫੋਰਨੀਆ ਤੋਂ 2 ਸਾਲ ਦਾ ਪਾਇਲਟ ਕੋਰਸ ਕੀਤਾ ਹੈ। ਇਸ ਦੇ ਬਾਅਦ 2016 ‘ਚ ਉਹ ਪਾਇਲਟ ਬਣਿਆ। 2 ਅਕਤੂਬਰ ਤੋਂ 4 ਅਕਤੂਬਰ ਤਕ ਉਸ ਨੇ ਬਜ਼ੁਰਗਾਂ ਨੂੰ ਸੈਰ ਕਰਵਾਉਣ ਦਾ ਆਪਣਾ ਸੁਪਨਾ ਪੂਰਾ ਕੀਤਾ ਅਤੇ ਸਭ ਨੂੰ ਖੁਸ਼ ਕੀਤਾ। ਜਿਨ੍ਹਾਂ ਬਜ਼ੁਰਗਾਂ ਨੇ ਹਵਾਈ ਯਾਤਰਾ ਕੀਤੀ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਕਦੇ ਸੁਪਨੇ ‘ਚ ਵੀ ਨਹੀਂ ਸੋਚਿਆ ਸੀ ਕਿ ਅਸੀਂ ਹਵਾਈ ਜਹਾਜ਼ ‘ਚ ਬੈਠਾਂਗੇ। ਵਿਕਾਸ ਨੇ ਤਾਂ ਉਨ੍ਹਾਂ ਦੀ ਬੁਢਾਪੇ ‘ਚ ਮੌਜ ਲਗਾ ਦਿੱਤੀ। ਉਨ੍ਹਾਂ ਨੇ ਵਿਕਾਸ ਨੂੰ ਦੁਆਵਾਂ ਦਿੱਤੀਆਂ ਅਤੇ ਕਿਹਾ ਕਿ ਉਸ ਨੇ ਇਕ ਮਿਸਾਲ ਪੇਸ਼ ਕੀਤੀ ਹੈ।