ਧੋਨੀ ਦੇ ਫਲੈਟਾਂ ਦੀ ਹੋਵੇਗੀ ਨਿਲਾਮੀ

0
494

ਰਾਂਚੀ: ਟੀਮ ਇੰਡੀਆ ਦੇ ਦਿੱਗਜ ਖਿਡਾਰੀ ਮਹਿੰਦਰ ਸਿੰਘ ਧੋਨੀ ਦੇ ਰਾਂਚੀ ਵਿਚਲੇ ਦੋ ਫਲੈਟ ਨਿਲਾਮ ਹੋਣ ਵਾਲੇ ਹਨ। 1100 ਤੇ 900 ਵਰਗ ਫੁੱਟ ਦੇ ਇਹ ਦੋਵੇਂ ਫਲੈਟ ਕਮਰਸ਼ੀਅਲ ਹਨ ਜੋ ਰਾਂਚੀ ਦੇ ਡੋਰੰਡਾ ਵਿੱਚ ਸ਼ਿਵਮ ਪਲਾਜ਼ਾ ਨਾਂ ਦੀ ਬਿਲਡਿੰਗ ਵਿੱਚ ਹਨ। ਇਲਜ਼ਾਮ ਹੈ ਕਿ ਬਿਲਡਰ ਦੁਰਗਾ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਦੇ ਹੁਡਕੋ (ਹਾਊਸਿੰਗ ਸ਼ਹਿਰੀ ਵਿਕਾਸ ਨਿਗਮ) ਦੇ ਕਰਜ਼ੇ ਦਾ ਭੁਗਤਾਨ ਨਹੀਂ ਕਰ ਸਕਣ ਕਾਰਨ ਹੁਡਕੋ ਇਹ ਫਲੈਟ ਨਿਲਾਮ ਕਰ ਰਿਹਾ ਹੈ ਜਿਸ ਦਾ ਖ਼ਾਮਿਆਜ਼ਾ ਧੋਨੀ ਨੂੰ ਭਰਨਾ ਪੈ ਰਿਹਾ ਹੈ।

ਨਿਲਾਮੀ ਦੀ ਤਿਆਰੀ ਸ਼ੁਰੂ : ਰਾਂਚੀ ਦੇ ਪੌਸ਼ ਇਲਾਕੇ ਵਿੱਚ ਸਥਿਤ ਸ਼ਿਵਮ ਪਲਾਜ਼ਾ ਵਿੱਚ ਧੋਨੀ ਦੇ ਫਲੈਟ ਹਨ ਤੇ ਹੁਡਕੋ ਨੇ ਸ਼ਿਵਮ ਪਲਾਜ਼ਾ ਦੀ ਨਿਲਾਮੀ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਦੋ ਵਾਰ ਵੱਖ-ਵੱਖ ਮੁਲਾਂਕਣ ਕਰਾਇਆ ਗਿਆ ਹੈ। ਅਲਾਹਾਬਾਦ ਸਥਿਤ ਕਰਜ਼ਾ ਵਸੂਲੀ ਟ੍ਰਿਬਿਊਨਲ ਵਿੱਚ ਨਿਲਾਮੀ ਦੀ ਬੇਸ ਰਕਮ ਤੈਅ ਕਰਨ ਲਈ ਅਪੀਲ ਕੀਤੀ ਗਈ ਹੈ।

ਬਿਲਡਰ ਹੁਡਕੋ ਖ਼ਿਲਾਫ਼ ਕੋਰਟ ਜਾਣ ਲਈ ਤਿਆਰ: ਦੁਰਗਾ ਡਵੈਲਪਰਜ਼ ਦੇ ਨਿਰਦੇਸ਼ਕ ਮੰਨਦੇ ਹਨ ਕਿ ਕਰਜ਼ੇ ਸਬੰਧੀ ਹੁਡਕੋ ਨਾਲ ਉਨ੍ਹਾਂ ਦਾ ਵਿਵਾਦ ਆਪਸੀ ਜ਼ਰੂਰ ਹੈ ਪਰ ਉਹ ਧੋਨੀ ਦੇ ਦੋਵਾਂ ਫਲੈਟਾਂ ਦਾ ਬੰਦੋਬਸਤ ਕਿਸੀ ਦੂਜੀ ਥਾਂ ਕਰ ਚੁੱਕੇ ਹਨ। ਧੋਨੀ ਦੇ ਫਲੈਟ ਲਈ ਹੁਡਕੋ ਨੂੰ ਤਿੰਨ ਕਰੋੜ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਹੁਣ ਬਿਲਡਰ ਹੁਡਕੋ ਦੇ ਖ਼ਿਲਾਫ਼ ਅਦਾਲਤ ਵਿੱਚ ਪਹੁੰਚ ਕਰਨ ਦੀ ਤਿਆਰੀ ਵਿੱਚ ਹਨ।

ਠੱਗਿਆ ਮਹਿਸੂਸ ਕਰ ਰਿਹੈ ਧੋਨੀ: ਧੋਨੀ ਦੇ ਵੱਡੇ ਭਾਈ ਨਰਿੰਦਰ ਸਿੰਘ ਧੋਨੀ ਨੇ ਹੁਡਕੋ ’ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਹੁਡਕੋ ਦੀ ਸਾਜ਼ਿਸ਼ ਦੇ ਕਾਰਨ ਇਹ ਪ੍ਰੋਜੈਕਟ ਠੱਪ ਹੋਇਆ ਹੈ। ਉਸ ਨੇ ਕਿਹਾ ਕਿ ਫਲੈਟਾਂ ਲਈ ਤਿੰਨ ਕਰੋੜ ਰੁਪਏ ਅਦਾ ਕੀਤੇ ਗਏ ਸਨ ਪਰ ਹੁਡਕੋ ਨੇ ਦਰਗਾ ਡਵੈਲਪਰਜ਼ ਨੂੰ ਜੇ ਕਰਜ਼ਾ ਦਿੱਤਾ ਸੀ ਤਾਂ ਬਿਲਡਿੰਗਾਂ ’ਤੇ ਇਸ ਸਬੰਧੀ ਨੋਟਿਸ ਕਿਉਂ ਨਹੀਂ ਲਾਇਆ ਗਿਆ। ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਬਿਲਡਿੰਗ ਕਰਜ਼ਾ ਲੈ ਕੇ ਬਣਾਈ ਗਈ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਬਿਲਡਰ ਤੇ ਹੁਡਕੋ ਨੇ ਮਿਲ ਕੇ ਉਨ੍ਹਾਂ ਨੂੰ ਫਸਾ ਦਿੱਤਾ ਹੈ।