ਇੰਨੀ ਮਾੜੀ ਵੀ ਨਹੀਂ ਚਾਹ-ਚਾਹ ਦਾ ਸਫ਼ਰ

0
806

ਅੱਜ ਪੂਰੀ ਦੁਨੀਆਂ ਵਿੱਚ ‘ਚਾਹ’ ਦਾ ਬੋਲਬਾਲਾ ਹੈ। ਸਾਡੇ ਜੀਵਨ ਦੇ ਹਰੇਕ ਮੌਕੇ ’ਤੇ ਚਾਹ ਦਾ ਸੇਵਨ ਜ਼ਰੂਰੀ ਬਣ ਚੁੱਕਿਆ ਹੈ ਜਾਂ ਇਉਂ ਕਹਿ ਲਉ, ਚਾਹ ਸਾਡੇ ਰੋਜ਼ਾਨਾ ਜੀਵਨ ਵਿੱਚ ਪੂਰੀ ਤਰ੍ਹਾਂ ਰਚ-ਮਿਚ ਚੁੱਕੀ ਹੈ। ਕੋਈ ਵੇਲਾ ਸੀ ਜਦੋਂ ਚਾਹ ਬਾਰੇ ਕਿਸੇ ਨੂੰ ਕੋਈ ਗਿਆਨ ਨਹੀਂ ਸੀ। ਇਸ ਦੀ ਖੋਜ ਵੀ ਹੋਰ ਬਹੁਤ ਸਾਰੀਆਂ ਵਸਤਾਂ ਦੇ ਖੋਜੇ ਜਾਣ ਵਾਂਗ ਅਚਾਨਕ ਹੀ ਹੋਈ ਹੈ। ਚੀਨ ਕਿਸੇ ਵੇਲੇ ਨਿੱਕੇ ਨਿੱਕੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਉਦੋਂ ਪੰਜਾਹ ਸੱਠ ਮੀਲ ਦੇ ਘੇਰੇ ਵਿੱਚ ਕਿਸੇ ਇੱਕ ਰਾਜੇ ਦਾ ਰਾਜ ਹੁੰਦਾ ਸੀ।
ਚੀਨ ਵਿੱਚ ਹੀ ਇੱਕ ਵਾਰ ਕਿਸੇ ਰਿਆਸਤ ਦਾ ਰਾਜਾ ਆਪਣੇ ਕੁਝ ਕੁ ਸਿਪਾਹੀਆਂ/ ਸਿਪਾਹਸਲਾਰਾਂ ਨਾਲ ਸ਼ਿਕਾਰ ਖੇਡਦਾ ਹੋਇਆ ਇੱਕ ਹਿਰਨ ਪਿੱਛੇ ਘੋੜਾ ਦੌੜਾਉਂਦਾ ਦੂਰ ਜੰਗਲ ਵਿੱਚ ਪਹੁੰਚ ਗਿਆ। ਪਿੱਛੇ ਪਿੱਛੇ ਸਿਪਾਹੀ ਵੀ ਘੋੜਿਆਂ ’ਤੇ ਸਵਾਰ ਸਨ। ਰਾਜਾ ਬੁਰੀ ਤਰ੍ਹਾਂ ਥੱਕ ਗਿਆ। ਉਨ੍ਹਾਂ ਨੇ ਘੋੜੇ ਬੰਨ੍ਹ ਕੇ ਆਰਾਮ ਕਰਨ ਲਈ ਆਸਨ ਲਾ ਲਏ। ਉਸ ਵੇਲੇ ਦੇ ਰਿਵਾਜ ਮੁਤਾਬਿਕ ਥਕਾਵਟ ਦੂਰ ਕਰਨ ਲਈ ਪਾਣੀ ਗਰਮ ਕਰਕੇ ਪੀਤਾ ਜਾਂਦਾ ਸੀ। ਰਾਜੇ ਵਾਸਤੇ ਪਾਣੀ ਗਰਮ ਕਰਦਿਆਂ ਸੇਵਕ ਨੇ ਉੱਥੇ ਉੱਗੀ ਇੱਕ ਜੰਗਲੀ ਝਾੜੀ ਦੇ ਦੋ ਕੁ ਪੱਤੇ ਤੋੜ ਕੇ ਪਾਣੀ ਵਿੱਚ ਪਾ ਦਿੱਤੇ। ਪੱਤਿਆਂ ਵਾਲਾ ਗਰਮ ਪਾਣੀ ਪੀ ਕੇ ਰਾਜੇ ਦੀ ਥਕਾਵਟ ਉਤਰ ਗਈ। ਰਾਜੇ ਨੇ ਉਸ ਝਾੜੀ ਨੂੰ ਪੁੱਟ ਕੇ ਆਪਣੇ ਮਹਿਲ ਵਿੱਚ ਉਗਾਉਣ ਦਾ ਹੁਕਮ ਦਿੱਤਾ। ਇਹੀ ਝਾੜੀ ਚਾਹ ਦਾ ਬੂਟਾ ਸੀ।
ਬਾਅਦ ਵਿੱਚ ਉਸ ਝਾੜੀ ਵਰਗੇ ਅਨੇਕਾਂ ਬੂਟਿਆਂ ਦੇ ਪੱਤਿਆਂ ਨੂੰ ਸੁਕਾ ਕੇ ਵਰਤਣ ਦਾ ਰਿਵਾਜ ਸ਼ੁਰੂ ਹੋਇਆ। ਚੀਨ ਤੋਂ ‘ਚਾਹ’ ਸਮਾਂ ਪਾ ਕੇ ਮਸ਼ੀਨਾਂ ਦੁਆਰਾ ਸੁਕਾ ਕੇ ਬਾਕੀ ਦੁਨੀਆਂ ਵਿੱਚ ਪਹੁੰਚਣ ਲੱਗੀ। ਸ਼ਬਦ ‘ਚਾਇਨਾ’ ਤੋਂ ਹੀ ਇਸ ਦੇ ਪਹਿਲੇ ਅੱਖਰ (ਚਾਏ ਤੋਂ ਚਾਹ ਸ਼ਬਦ) ਦਾ ਆਵਿਸ਼ਕਾਰ ਹੋਇਆ। ਚੀਨ ਵਿੱਚ ਚਾਹ ਪੀਣਾ ਪਵਿੱਤਰ ਕਰਮ ਮੰਨਿਆ ਜਾਂਦਾ ਹੈ। ਉੱਥੇ ਅੱਜ ਵੀ ਪੂਰੀ ਸਤਿਕਾਰਤ ਪਰੰਪਰਾ ਨਾਲ ਚਾਹ ਪੀਤੀ ਜਾਂਦੀ ਹੈ। ਭਾਰਤ ਵਿੱਚ ਇਸ ਦੀ ਆਮਦ ਅੰਗਰੇਜ਼ਾਂ ਦੇ ਆਉਣ ਨਾਲ ਹੋਈ। ਜਦੋਂ ਇੱਥੇ ਰੇਲ ਗੱਡੀ ਆਈ ਤਾਂ ਰੇਲ ਦੇ ਝੂਟੇ ਦੇ ਨਾਲ ਮੁਫ਼ਤ ਚਾਹ ਪਿਆਉਣ ਦੀ ਚਲਣ ਵੀ ਸ਼ੁਰੂ ਹੋਇਆ। ਸ਼ੁਰੂ ਵਿੱਚ ਪੰਜਾਬ ਵਿੱਚ ਇਸ ਨੂੰ ਖ਼ਤਰਨਾਕ ਨਸ਼ਾ ਸਮਝ ਕੇ ਇਸ ਦਾ ਬੜਾ ਵਿਰੋਧ ਹੋਇਆ। ਲੋਕ ਕਵੀਸ਼ਰਾਂ ਨੇ ਗੀਤ ਤੇ ਬੋਲੀਆਂ ਆਦਿ ਜੋੜ ਕੇ ਤੇ ਜਲਸਿਆਂ ਵਿੱਚ ਗਾ ਕੇ ਲੋਕਾਂ ਨੂੰ ਇਸ ਤੋਂ ਆਗਾਹ ਕੀਤਾ। ਕੁਝ ਨਮੂਨੇ ਵਜੋਂ ਪੇਸ਼ ਹਨ:
ਧਰਦੇ ਪਤੀਲਾ ਤੇਰੇ ਜੀਣ ਵੀਰ ਨੀ
ਪੀਤਿਆਂ ਬਗੈਰ ਚੱਲੇ ਨਾ ਸਰੀਰ ਨੀ
ਜਾਂ
ਏਸ ਪਤੀਲੀ ਨੇ
ਪੰਦਰਾਂ ਕਿੱਲੇ ਪੀਤੇ, ਏਸ ਪਤੀਲੀ ਨੇ…।
ਜਾਂ
ਜਿਹੜੇ ਚਾਹ ਦੇ ਸ਼ੌਕੀਨ, ਉਨ੍ਹਾਂ ਵੇਚ’ਤੀ ਜ਼ਮੀਨ
ਵਿੱਚੇ ਤੂਤ ਟਾਹਲੀਆਂ…
ਕਿੱਥੋਂ ਪੇਸ਼ ਪੈਗੀਆਂ ਨੇ ਚਾਹ ਦੀਆਂ ਪਿਆਲੀਆਂ।
ਸਮੇਂ ਸਮੇਂ ਧਾਰਮਿਕ ਆਗੂਆਂ ਨੇ ਆਪਣੇ ਪ੍ਰਵਚਨਾਂ ਵਿੱਚ ਇਸ ਦੀ ਪੂਰੀ ਮੁਖ਼ਾਲਫਤ ਕੀਤੀ। ਆਪਣੇ ਪੈਰੋਕਾਰਾਂ ਨੂੰ ਇਸ ਦੇ ਮਾਰੂ ਅਸਰ ਤੋਂ ਖ਼ਬਰਦਾਰ ਕੀਤਾ। ਦੂਜੀ ਆਲਮੀ ਜੰਗ ਵੇਲੇ ਵਿਦੇਸ਼ੀ ਧਰਤੀਆਂ ’ਤੇ ਲੜ ਕੇ ਦੇਸ਼ ਪਰਤੇ ਬਹੁਤ ਸਾਰੇ ਫ਼ੌਜੀ ਆਉਂਦੇ ਹੋਏ ਖੰਡ, ਚਾਕਲੇਟ ਅਤੇ ਚਾਹਪੱਤੀ ਨਾਲ ਲੈ ਕੇ ਆਏ। ਉਦੋਂ ਜੇ ਕਿਸੇ ਨੂੰ ਬੁਖ਼ਾਰ ਚੜ੍ਹਦਾ ਤਾਂ ਫ਼ੌਜੀ ਦੇ ਘਰੋਂ ਚਾਹ ਮੰਗਵਾ ਕੇ ਉਸ ਨੂੰ ਪਿਲਾਈ ਜਾਂਦੀ ਤੇ ਮੁੜ੍ਹਕਾ ਲੈਣ ਲਈ ਲਿਟਾਇਆ ਜਾਂਦਾ। ਇਸ ਤਰ੍ਹਾਂ ਇਹ ਔਸ਼ਧੀ ਦਾ ਕੰਮ ਵੀ ਦਿੰਦੀ।

ਸ਼ੁਰੂ ਸ਼ੁਰੂ ਵਿੱਚ ਬਿਮਾਰ ਜਾਂ ਬਜ਼ੁਰਗ ਲੋਕ ਇਸ ਦੀ ਵਰਤੋਂ ਕਰਦੇ ਸਨ। ਇਸ ਨੂੰ ਸੁਆਦਲਾ ਅਤੇ ਪੀਣ ਯੋਗ ਬਣਾਉਣ ਲਈ ਇਸ ਵਿੱਚ ਚੀਨੀ, ਸ਼ੱਕਰ, ਗੁੜ ਤੇ ਸ਼ਹਿਦ ਮਿਲਾ ਕੇ ਪੀਣਾ ਸ਼ੁਰੂ ਹੋਇਆ। ਫਿਰ ਦੁੱਧ ਮਿਲਾ ਕੇ ਪੀਣ ਦਾ ਰਿਵਾਜ ਵੀ ਸ਼ੁਰੂ ਹੋ ਗਿਆ। ਭਾਰਤ ਵਿੱਚ ਦਾਰਜੀਲਿੰਗ, ਆਸਾਮ, ਕੇਰਲਾ, ਤਾਮਿਲਨਾਡੂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਸ ਦੀ ਵੱਡੇ ਪੱਧਰ ’ਤੇ ਉਗਾਈ ਤੇ ਸੁਕਾਈ ਦਾ ਕੰਮ ਸ਼ੁਰੂ ਹੋ ਗਿਆ। ਹੁਣ ਭਾਰਤ ਅਨੇਕਾਂ ਮੁਲਕਾਂ ਨੂੰ ਚਾਹਪੱਤੀ ਨਿਰਯਾਤ ਕਰਨ ਵਾਲਾ ਦੇਸ਼ ਬਣ ਚੁੱਕਿਆ ਹੈ। ਪਹਿਲੀ ਅਤੇ ਦੂਜੀ ਕੁਆਲਿਟੀ ਦੀ ਚਾਹ ਬਾਹਰ ਭੇਜੀ ਜਾਂਦੀ ਹੈ। ਬਾਕੀ ਕੁਆਲਿਟੀਆਂ ਦੀ ਚਾਹ ਦੇਸ਼ ਵਿੱਚ ਖਪਤ ਦੇ ਕੰਮ ਆਉਂਦੀ ਹੈ।
ਪੁਰਾਣੇ ਲੋਕਾਂ ਵਿੱਚ ਅਜੇ ਵੀ ਇਸ ਨੂੰ ਸਿਹਤ ਵਾਸਤੇ ਮਾੜਾ (ਨਸ਼ਾ) ਸਮਝੇ ਜਾਣ ਦੀ ਪ੍ਰਵਿਰਤੀ ਮੌਜੂਦ ਹੈ। ਆਮ ਤੌਰ ’ਤੇ ਬੱਚਿਆਂ ਨੂੰ ਲੱਗਦੀ ਵਾਹ ਚਾਹ ਪੀਣ ਤੋਂ ਦੂਰ ਰੱਖਿਆ ਜਾਂਦਾ ਹੈ।
ਨਵੀਆਂ ਖੋਜਾਂ ਮੁਤਾਬਿਕ ਚਾਹ ਵਿਚਲਾ ਵਿਸ਼ੇਸ਼ ਤੱਤ ਨਿਕੋਟੀਨ ਕਿਸੇ ਹੱਦ ਤਕ ਖ਼ੂਨ ਨੂੰ ਪਤਲਾ ਰੱਖਦਾ ਹੈ ਅਤੇ ਇਸ ਵਿੱਚ ਰਵਾਨੀ ਦੇ ਨਾਲ ਚੁਸਤੀ ਦਾ ਸੰਚਾਰ ਵੀ ਕਰਦਾ ਹੈ। ਘੱਟ ਖ਼ੂਨ ਦਬਾਅ (Low 2lood Pressure) ਵਾਲੇ ਵਿਅਕਤੀਆਂ ਨੂੰ ਅਕਸਰ ਹੀ ਡਾਕਟਰ ਚਾਹ ਜਾਂ ਕੌਫ਼ੀ ਪੀਣ ਦਾ ਮਸ਼ਵਰਾ ਦਿੰਦੇ ਹਨ। ਅੱਜ ਦੁਨੀਆਂ ਦਾ ਸ਼ਾਇਦ ਹੀ ਕੋਈ ਖੇਤਰ ਇਸ ਦੀ ਵਰਤੋਂ ਤੋਂ ਬਚਿਆ ਹੋਵੇ। ਅਜੋਕੇ ਦੌਰ ਵਿੱਚ ਗਰੀਨ ਟੀ, ਸ਼ਹਿਦ ਟੀ, ਨਮਕੀਨ ਟੀ ਅਤੇ ਕਾਲੀ ਨਿੰਬੂ ਟੀ ਜਾਂ ਸਿਰਫ਼ ਕਾਲੀ ਟੀ ਪੀਣ ਦਾ ਰਿਵਾਜ ਵੀ ਪ੍ਰਚੱਲਿਤ ਹੋ ਚੁੱਕਿਆ ਹੈ। ਪੰਜਾਬੀ ਜਨ-ਜੀਵਨ ਵਿੱਚ ਚਾਹ ਸਾਡੇ ਰਸਮਾਂ ਰਿਵਾਜਾਂ ਵਿੱਚ ਵੀ ਘਰ ਕਰ ਚੁੱਕੀ ਹੈ। ਅਖਾਣਾਂ ਅਖੌਤਾਂ ਵਿੱਚ ਵੀ ਚਾਹ ਦਾ ਦਖਲ ਹੋ ਚੁੱਕਿਆ ਹੈ। ਮਿਸਾਲ ਵਜੋਂ: ਜਾਹ ਤੇਰੀ ਚਾਹ ਛੱਡੀ, ਤੇਰੀ ਰਾਹ ਛੱਡੀ। ਚੰਦਰਿਆਂ ਤੋਂ ਫੋਕੀ ਚਾਹ ਵੀ ਨਾ ਸਰੀ। ਉਹ ਤਾਂ ਚਾਹ ਪਿਲਾਉਣ ਜੋਗੇ ਵੀ ਨਹੀਂ। ਚਾਹ ਦੀ ਸੁਲ੍ਹਾ ਵੀ ਨਹੀਂ ਮਾਰੀ…? ਆਦਿ ਗੱਲਾਂ ਆਮ ਹੀ ਸਾਡੀ ਰੋਜ਼ਾਨਾ ਗੱਲਬਾਤ ਵਿੱਚ ਸ਼ਾਮਲ ਹੋ ਚੁੱਕੀਆਂ ਹਨ। ਘਰ ਆਏ ਪ੍ਰਾਹੁਣੇ ਨੂੰ ਚਾਹ ਪੁੱਛਣਾ ਕਦਰ ਕਰਨਾ ਸਮਝਿਆ ਜਾਂਦਾ ਹੈ। ਕਿਸੇ ਵੇਲੇ ਜੋ ਛਾਹ (ਲੱਸੀ) ਵੇਲਾ ਹੁੰਦਾ ਸੀ, ਅੱਜ ਉਹ ਚਾਹ ਵੇਲਾ ਹੁੰਦਾ ਹੈ।
ਸ਼ੁਰੂ ਸ਼ੁਰੂ ਵਿੱਚ ਪੇਂਡੂ ਘਰਾਂ ਵਿੱਚ ਦੋ ਵੇਲੇ ਚਾਹ ਬਣਾਉਣ ਦਾ ਰਿਵਾਜ ਰਿਹਾ ਹੈ। ਜ਼ਿਆਦਾ ਦੁੱਧ ਵਾਲੀ ਚਾਹ ਰੱਜ ਕੇ ਵੀ ਪੀਤੀ ਜਾਂਦੀ ਰਹੀ ਹੈ। ਹੁਣ ਦਿਨ ਵਿੱਚ ਕਈ ਕਈ ਵਾਰ ਚਾਹ ਪੀਣ ਦਾ ਰਿਵਾਜ ਹੈ। ਇਸ ਨੂੰ ਬਣਾਉਣ ਦੇ ਵੀ ਕਈ ਵੱਖ ਵੱਖ ਤਰੀਕੇ ਹਨ।
ਨਿਰਸੰਦੇਹ, ਇਸ ਨੇ ਸਾਡੇ ਦਿਲਾਂ ਵਿੱਚ ਨਾ ਮਿਟਣ ਵਾਲੀ ਥਾਂ ਬਣਾ ਲਈ ਹੈ।

ਸਵੈਰਾਜ ਸੰਧੂ (ਡਾ.)

ਸਵੈਰਾਜ ਸੰਧੂ (ਡਾ.)  ਸੰਪਰਕ: 98760-66309