ਅਕਾਲੀ-ਭਾਜਪਾ ਗਠਜੋੜ ‘ਚ ਕਾਟੋ-ਕਲੇਸ਼

0
109

ਮਾਛੀਵਾੜਾ : -ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਵਲੋਂ ਦੇ 15 ਵਾਰਡਾਂ ‘ਚੋਂ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਨ ਲਈ ਪਿਛਲੇ 3 ਦਿਨਾਂ ਤੋਂ ਲਗਾਤਾਰ ਰੋਜ਼ਾਨਾ ਹੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਉਮੀਦਵਾਰ ਖੜ੍ਹੇ ਕਰਨ ਤੋਂ ਚੱਲ ਰਹੇ ਕਾਟੋ-ਕਲੇਸ਼ ਕਾਰਨ ਅਕਾਲੀ ਦਲ ਤੇ ਭਾਜਪਾ ਕਿਸੇ ਵੀ ਨਤੀਜੇ ‘ਤੇ ਨਹੀਂ ਪੁੱਜੇ, ਜਿਸ ਕਾਰਨ ਹੁਣ ਭਲਕੇ ਫਿਰ 10 ਵਜੇ ਮੀਟਿੰਗ ਰੱਖੀ ਗਈ ਹੈ।
ਦੂਸਰੇ ਪਾਸੇ ਕਾਂਗਰਸ ਪਾਰਟੀ ਵਲੋਂ ਸ਼ਹਿਰ ਦੇ ਸਾਰੇ 15 ਵਾਰਡਾਂ ‘ਚ ਆਪਣੇ ਉਮੀਦਵਾਰਾਂ ਦੀ ਸੂਚੀ ਲਗਭਗ ਤਿਆਰ ਕਰ ਲਈ ਗਈ ਹੈ ਤੇ ਕਈ ਉਮੀਦਵਾਰਾਂ ਨੇ ਤਾਂ ਚੋਣ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ, ਜਦਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਕਦਮੀ ਕਰਦਿਆਂ ਆਪਣੇ 7 ਉਮੀਦਵਾਰ ਐਲਾਨ ਵੀ ਦਿੱਤੇ ਹਨ।
ਪਿਛਲੀਆਂ ਨਗਰ ਕੌਂਸਲ ਚੋਣਾਂ ‘ਚ 13 ਵਾਰਡਾਂ ‘ਚੋਂ ਸ਼੍ਰੋਮਣੀ ਅਕਾਲੀ ਦਲ 8 ਵਾਰਡਾਂ, ਜਦਕਿ ਭਾਜਪਾ 5 ਵਾਰਡਾਂ ‘ਚੋਂ ਚੋਣ ਲੜੀ ਸੀ ਪਰ ਇਸ ਵਾਰ ਗਠਜੋੜ ਸੱਤਾ ‘ਚ ਨਾ ਹੋਣ ਕਾਰਨ ਭਾਜਪਾ ਦੇ ਦਿੱਗਜ ਆਗੂ ਚੋਣ ਮੈਦਾਨ ‘ਚ ਉਤਰਨ ਤੋਂ ਪਿੱਛਾ ਛੁਡਾ ਰਹੇ ਹਨ। ਭਾਜਪਾ ਵਲੋਂ ਆਪਣੀ ਡੋਰ ਅਕਾਲੀ ਦਲ ‘ਤੇ ਹੀ ਸੁੱਟੀ ਜਾ ਰਹੀ ਹੈ ਕਿ ਉਹ ਉਮੀਦਵਾਰ ਖੜ੍ਹੇ ਕਰ ਦੇਵੇ ਤੇ ਭਾਜਪਾ ਉਨ੍ਹਾਂ ਦਾ ਡੱਟ ਕੇ ਸਾਥ ਦੇਵੇਗੀ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭਾਜਪਾ ਨੂੰ 5 ਦੀ ਬਜਾਏ 6 ਸੀਟਾਂ ਦੇਣ ਲਈ ਵੀ ਤਿਆਰ ਹਨ ਕਿਉਂਕਿ ਵਾਰਡ ਵਧਣ ਕਾਰਨ ਪਾਰਟੀ ਹਾਈਕਮਾਂਡ ਦੇ ਫੈਸਲੇ ਅਨੁਸਾਰ ਭਾਜਪਾ ਨੂੰ ਪਿਛਲੇ ਸਾਲ ਨਾਲੋਂ ਵੱਧ ਸੀਟਾਂ ਦੇਣੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਨੇ 15 ‘ਚੋਂ 5 ਵਾਰਡਾਂ ‘ਤੇ ਆਪਣੇ ਉਮੀਦਵਾਰਾਂ ਦੀ ਸਹਿਮਤੀ ਬਣਾਈ ਹੋਈ ਹੈ, ਜਦਕਿ ਬਾਕੀ ਜੋ 10 ਵਾਰਡ ਰਹਿ ਗਏ ਹਨ ਉਨ੍ਹਾਂ ‘ਚ ਭਾਜਪਾ ਵਲੋਂ ਕੋਈ ਹੱਥ-ਪੱਲਾ ਨਾ ਫੜਾਉਣ ਕਾਰਨ ਅਕਾਲੀ ਆਗੂ ਵੀ ਕਾਫੀ ਨਿਰਾਸ਼ ਹਨ। ਭਾਜਪਾ ਵਲੋਂ ਹਰੇਕ ਨਗਰ ਕੌਂਸਲ ਚੋਣ ਲੜਦੇ ਆ ਰਹੇ ਅਸ਼ੋਕ ਸੂਦ ਨੇ ਵੀ ਇਸ ਵਾਰ ਭਰੀ ਮੀਟਿੰਗ ‘ਚ ਇਹ ਫਰਮਾਨ ਸੁਣਾ ਦਿੱਤਾ ਕਿ ਜੇਕਰ ਮਾਛੀਵਾੜਾ ‘ਚ ਭਾਜਪਾ ਦੇ ਦਿੱਗਜ ਆਗੂ, ਜੋ ਕਿ ਸੱਤਾ ਧਿਰ ਹੋਣ ਮੌਕੇ ਆਪਣੀਆਂ ਪੂਰੀਆਂ ਚੌਧਰਾਂ ਕਰਦੇ ਰਹੇ ਤੇ ਹੁਣ ਜੇਕਰ ਉਹ ਚੋਣ ਮੈਦਾਨ ‘ਚ ਉਮੀਦਵਾਰ ਬਣ ਕੇ ਆਉਣਗੇ ਤਾਂ ਹੀ ਉਹ ਚੋਣ ਲੜਨਗੇ, ਨਹੀਂ ਤਾਂ ਉਨ੍ਹਾਂ ਦਾ ਵੀ ਚੋਣ ਲੜਨ ਤੋਂ ਕੋਰਾ ਜਵਾਬ ਹੈ।
ਅਸ਼ੋਕ ਸੂਦ ਨੇ ਮੀਟਿੰਗ ‘ਚ ਦਾਅਵਾ ਕੀਤਾ ਕਿ ਜੇਕਰ ਮਾਛੀਵਾੜਾ ਸ਼ਹਿਰ ਦੇ ਦਿੱਗਜ ਭਾਜਪਾ ਆਗੂ ਚੋਣ ਮੈਦਾਨ ‘ਚ ਖੜ੍ਹੇ ਹੋਣ ਦਾ ਐਲਾਨ ਕਰਦੇ ਹਨ ਤਾਂ ਉਨ੍ਹਾਂ ਨੂੰ ਪਾਰਟੀ 15 ਵਾਰਡਾਂ ‘ਚੋਂ ਜਿਹੜੇ ਵੀ ਸਭ ਤੋਂ ਔਖੇ ਵਾਰਡ ‘ਚੋਂ ਖੜ੍ਹੇ ਹੋਣ ਦਾ ਹੁਕਮ ਦੇਵੇਗੀ, ਉਹ ਉਸ ‘ਚੋਂ ਚੋਣ ਲੜਨਗੇ। ਅਸ਼ੋਕ ਸੂਦ ਦੇ ਇਸ ਫਰਮਾਨ ਨੇ ਭਾਜਪਾ ਆਗੂਆਂ ਨੂੰ ਠੰਢ ‘ਚ ਪਸੀਨੇ ਲਿਆ ਦਿੱਤੇ ਹਨ ਕਿਉਂਕਿ ਉਹ ਕੋਈ ਨਾ ਕੋਈ ਮਜਬੂਰੀ ਬਣਾ ਕੇ ਚੋਣਾਂ ਲੜਨਾ ਨਹੀਂ ਚਾਹੁੰਦੇ, ਇਸ ਲਈ ਭਾਜਪਾ ਨੂੰ ਪਿਛਲੀਆਂ ਨਗਰ ਕੌਂਸਲ ਚੋਣਾਂ ਵਾਂਗ ਇਸ ਵਾਰ ਮਜ਼ਬੂਤ ਤੇ ਕਾਂਗਰਸ ਦਾ ਸਖਤ ਮੁਕਾਬਲਾ ਕਰਨ ਵਾਲੇ ਉਮੀਦਵਾਰ ਨਹੀਂ ਮਿਲ ਰਹੇ।
ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਇਸ ਵਾਰ ਸਖਤ ਮੁਕਾਬਲਾ ਕਰਨ ਵਾਲੇ ਉਮੀਦਵਾਰ ਖੜ੍ਹੇ ਕਰਨ ‘ਚ ਜੱਦੋ-ਜਹਿਦ ਕਰਨੀ ਪੈ ਰਹੀ ਹੈ ਤੇ ਅੱਜ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ‘ਚ ਹਲਕੇ ਦੀ ਅਗਵਾਈ ਕਰ ਰਹੇ ਜਥੇ. ਸੰਤਾ ਸਿੰਘ ਉਮੈਦਪੁਰ ਨੇ ਚੋਣਾਂ ਲੜਨ ਤੋਂ ਨਾਂਹ-ਨੁੱਕਰ ਕਰਨ ਵਾਲੇ ਉਮੀਦਵਾਰਾਂ ਨੂੰ ਦੋ-ਟੁੱਕ ਫੁਰਮਾਨ ਸੁਣਾ ਦਿੱਤਾ ਕਿ ਜੇਕਰ ਹੁਣ ਉਹ ਸੱਤਾ ਨਾ ਹੋਣ ਕਾਰਨ ਅਕਾਲੀ ਦਲ ਦਾ ਸਾਥ ਨਹੀਂ ਦੇਣਗੇ ਤਾਂ ਬਾਅਦ ‘ਚ ਪਾਰਟੀ ਵੀ ਉਨ੍ਹਾਂ ਦੀ ਕੁਝ ਨਹੀਂ ਲਗਦੀ। ਬਾਕੀ ਭਲਕੇ ਦੁਪਹਿਰ ਤਕ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੇ ਹਨ।