ਮੈਰੀਕਾਮ ਨੇ ਜਿੱਤਿਆ ਸੋਨ ਤਮਗਾ

0
420

ਵੀਅਤਨਾਮ— 5 ਵਾਰ ਦੀ ਵਿਸ਼ਵ ਚੈਂਪੀਅਨ, ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਅਤੇ ਰਾਜ ਸਭਾ ਸੰਸਦ ਮੈਂਬਰ ਐੱਮ. ਸੀ. ਮੈਰੀਕਾਮ ਨੇ ਆਪਣਾ ਤੂਫਾਨੀ ਪ੍ਰਦਰਸ਼ਨ ਜਾਰੀ ਰੱਖਦੇ ਹੋਏ 48 ਕਿ. ਗ੍ਰਾ. ਲਾਈਟ ਫਲਾਈਵੇਟ ਵਰਗ ‘ਚ ਕੋਰੀਆ ਦੀ ਕਿਮ ਹਯਾਂਗ ਮੀ ਨੂੰ 5-0 ਨਾਲ ਹਰਾ ਕੇ 5ਵੀਂ ਵਾਰ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸੋਨ ਤਮਗਾ ਆਪਣੇ ਨਾਂ ਕਰ ਲਿਆ, ਇਸ ਦੇ ਨਾਲ ਹੀ ਸੋਨੀਆ ਲਾਥੇਰ (57 ਕਿਲੋ) ਨੂੰ ਚਾਂਦੀ ਨਾਲ ਹੀ ਸਬਰ ਕਰਨਾ ਪਿਆ। 35 ਸਾਲਾ ਮੈਰੀਕਾਮ ਨੇ ਇਸ ਪ੍ਰਤੀਯੋਗਿਤਾ ‘ਚ ਇਸ ਤੋਂ ਪਹਿਲਾਂ 4 ਸੋਨ ਅਤੇ 1 ਚਾਂਦੀ ਤਮਗਾ ਜਿੱਤਿਆ ਸੀ। ਫਾਈਨਲ ‘ਚ ਉਸ ਨੇ ਕੋਰੀਆਈ ਮੁੱਕੇਬਾਜ਼ ਨੂੰ ਪੂਰੀ ਤਰ੍ਹਾਂ ਧੋ ਕੇ ਰੱਖ ਦਿੱਤਾ।
ਮੈਰੀਕਾਮ ਨੇ 5-0 ਦੇ ਸਕੋਰ ਨਾਲ ਜਿੱਤ ਹਾਸਲ ਕੀਤੀ। ਪੂਰੇ ਮੈਚ ‘ਚ ਉਹ ਵਿਰੋਧੀ ਮੁੱਕੇਬਾਜ਼ ‘ਤੇ ਹਾਵੀ ਰਹੀ। 48 ਕਿ. ਗ੍ਰਾ. ਵਰਗ ਵਿਚ ਇਹ ਕਿਸੇ ਭਾਰਤੀ ਮੁੱਕੇਬਾਜ਼ ਦਾ ਪਹਿਲਾ ਏਸ਼ੀਆਈ ਸੋਨ ਤਮਗਾ ਹੈ। ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਮੈਰੀਕਾਮ ਦਾ ਇਹ ਛੇਵਾਂ ਤਮਗਾ ਹੈ। ਉਸ ਨੇ ਇਸ ਤੋਂ ਪਹਿਲਾਂ 2003, 2005, 2010 ਤੇ 2012 ‘ਚ ਇਸ ਟੂਰਨਾਮੈਂਟ ‘ਚ ਸੋਨ ਤਮਗਾ ਜਿੱਤਿਆ ਸੀ। 2008 ‘ਚ ਉਸ ਨੂੰ ਚਾਂਦੀ ਤਮਗੇ ‘ਤੇ ਸਬਰ ਕਰਨਾ ਪਿਆ ਸੀ। ਰਾਜ ਸਭਾ ਸੰਸਦ ਮੈਂਬਰ ਮੈਰੀਕਾਮ 5 ਸਾਲ 51 ਕਿਲੋਗ੍ਰਾਮ ਵਿਚ ਹਿੱਸਾ ਲੈਣ ਤੋਂ ਬਾਅਦ 48 ਕਿਲੋਗ੍ਰਾਮ ਵਰਗ ‘ਚ ਪਰਤੀ ਸੀ। ਮੈਰੀਕਾਮ ਦੀ ਇਸ ਜਿੱਤ ‘ਤੇ ਵਧਾਈਆਂ ਦਾ ਤਾਂਤਾ ਲੱਗ ਲਿਆ। ਇਸ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ,ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਪ੍ਰਧਾਨ ਅਜੇ ਸਿੰਘ,ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਤੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਟਵਿਟਰ ‘ਤੇ ਵਧਾਈ ਦਿੱਤੀ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵਿਟਰ ‘ਤੇ ਵਧਾਈ ਦਿੰਦਿਆ ਕਿਹਾ ਕਿ ”ਏਸ਼ੀਆਈ ਮੁੱੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ‘ਤੇ ਮਣੀਪੁਰ ਅਤੇ ਭਾਰਤ ਦਾ ਮਾਣ ਮੈਰੀਕਾਮ ਨੂੰ ਵਧਾਈ। ਤੁਸੀਂ ਆਪਣੇ ਹਰ ਪੰਚ ਨਾਲ ਦੁਨੀਆ ‘ਤੇ ਸਾਡਾ ਸਿਰ ਹੋਰ ਉੱਚਾ ਚੁੱਕਿਆ ਹੈ।”