ਕੁੜੀਆਂ ਨੇ ਮੁੰਡਿਆਂ ਨੂੰ ਹਰਾਇਆ

0
364

ਐਂਟਵਰਪ, (ਬੈਲਜੀਅਮ), 19 ਸਤੰਬਰ
ਭਾਰਤ ਦੀ ਮਹਿਲਾ ਹਾਕੀ ਟੀਮ ਨੇ ਆਪਣੇ ਯੂਰੋਪ ਦੌਰੇ ਦੌਰੇ ਦਾ ਸ਼ਾਨਦਾਰ ਤਰੀਕੇ ਨਾਲ ਅੰਤ ਕਰਦਿਆਂ ਬੈਲਜੀਅਮ ਦੀ ਜੂਨੀਅਰ ਟੀਮ ਨੂੰ ਹਰਾ ਦਿੱਤਾ। ਭਾਰਤ ਦੀਆਂ ਕੁੜੀਆਂ ਨੇ ਬੈਲਜੀਅਮ ਦੇ ਮੁੰਡਿਆਂ ਨੂੰ 4-3 ਨਾਲ ਹਰਾਇਆ। ਫਸਵੇਂ ਮੈਚ ਵਿੱਚ ਗੁਰਜੀਤ ਕੌਰ ਨੇ ਸੱਤਵੇਂ ਅਤੇ 11 ਵੇਂ ਮਿੰਟ ਅਤੇ ਕਪਤਾਨ ਰਾਣੀ ਨੇ 13ਵੇਂ ਅਤੇ 33ਵੇਂ ਮਿੰਟ ਵਿੱਚ ਗੋਲ ਕੀਤੇ। ਦੋਵਾਂ ਖਿਡਾਰਨਾਂ ਵੱਲੋਂ ਕੀਤੇ ਦੋ ਦੋ ਗੋਲਾਂ ਸਦਕਾ ਭਾਰਤੀ ਕੁੜੀਆਂ ਨੇ ਮੇਜ਼ਬਾਨਾਂ ਉੱਤੇ ਪਹਿਲੀ ਜਿੱਤ ਦਰਜ ਕੀਤੀ।
ਭਾਰਤ ਦੀਆਂ ਕੁੜੀਆਂ ਨੇ ਮੈਚ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਟੀਮ ਮੈਚ ਦੇ ਸੱਤਵੇਂ ਮਿੰਟ ਵਿੱਚ ਹੀ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਡਰੈਗ ਫਲਿਕਰ ਗੁਰਜੀਤ ਨੇ ਗੋਲ ਵਿੱਚ ਬਦਲ ਦਿੱਤਾ। ਇਸ ਡਿਫੈਂਡਰ ਨੇ 11ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਉੱਤੇ ਇੱਕ ਹੋਰ ਗੋਲ ਕਰਕੇ ਭਾਰਤ ਦੀ ਲੀਡ ਨੂੰ 2-0 ਕਰ ਦਿੱਤਾ। ਕਪਤਾਨ ਰਾਣੀ ਨੇ ਇਸ ਤੋਂ ਬਾਅਦ 13ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਭਾਰਤ ਦੀ ਲੀਡ ਨੂੰ 3-0 ਕਰ ਦਿੱਤਾ। ਮੈਚ ਦੇ ਪਹਿਲੇ ਕੁਆਰਟਰ ਦੇ ਅੰਤ  ਤੱਕ ਇਹ ਹੀ ਸਕੋਰ ਰਿਹਾ। ਦੂਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਹੀ ਗੋਲਕੀਪਰ ਰਜਨੀ ਐਟਿਮਾਪਰੂ ਨੇ ਗੋਤਾ ਲਾ ਕੇ ਗੋਲ ਬਚਾਉਂਦਿਆਂ ਬੈਲਜੀਅਮ ਨੂੰ ਦੂਜੀ ਵਾਰ ਖਾਤਾ ਖੋਲ੍ਹਣ ਤੋਂ ਰੋਕ ਦਿੱਤਾ। ਮੈਚ ਦੇ ਅੱਧੇ ਸਮੇਂ ਤਕ ਭਾਰਤੀ ਟੀਮ 3-0 ਨਾਲ ਅੱਗੇ ਸੀ। ਭਾਰਤੀ ਟੀਮ ਨੇ ਤੀਜੇ ਕੁਆਰਟਰ ਵਿੱਚ ਮੈਚ ਦੀ ਤੇਜ ਸ਼ੁਰੂਆਤ ਕੀਤੀ ਅਤੇ ਰਾਣੀ ਨੇ 33ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਦਾਗ ਕੇ ਟੀਮ ਨੂੰ 4-0 ਨਾਲ ਅੱਗੇ ਕਰ ਦਿੱਤਾ। ਬੈਲਜੀਅਮ ਨੇ 38ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ ਜਦੋਂ ਥਿਲਾਵਟ ਨੇਵੇਨ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਇਸ ਤੋਂ ਵਿਲੀਅਮ ਵਾਨ ਡਿਸੇਲ ਨੇ ਮੈਚ ਦੇ 42 ਮਿੰਟ ਵਿੱਚ ਟੀ ਦੀ ਤਰਫੋਂ ਇੱਕ ਹੋਰ ਗੋਲ ਕਰ ਦਿੱਤਾ। ਭਾਰਤ ਤੀਜੇ ਕੁਆਰਟਰ ਦੇ ਅੰਤ ਤੱਕ ਭਾਰਤ 4-2 ਨਾਲ ਅੱਗੇ ਸੀ। ਬੈਲਜੀਅਮ ਨੇ ਚੌਥੇ ਕੁਆਰਟਰ ਦੀ ਸ਼ੁਰੂਆਤ ਵਿੱਚ ਸਕੋਰ 3-4 ਕਰ ਦਿੱਤਾ ਜਦੋਂ 48ਵੇਂ ਮਿੰਟ ਵਿੱਚ ਮਾਥਿਆਸ ਰੋਲਿਕ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਆਖ਼ਰੀ ਦਸ ਮਿੰਟ ਵਿੱਚ ਬੈਲਜੀਅਮ ਦੀ ਟੀਮ ਨੇ ਗੋਲ ਦਾਗ ਕੇ ਸਕੋਰ ਬਰਾਬਰ ਕਰਨ ਦੇ ਜਬਰਦਸਤ ਯਤਨ ਕੀਤੇ ਪਰ ਭਾਰਤੀ ਟੀਮ ਨੇ ਵਿਰੋਧੀ ਟੀਮ ਦੀਆਂ ਚਾਲਾਂ ਨੂੰ ਸਫਲ ਨਾ ਹੋਣ ਦਿੱਤਾ।            -ਪੀਟੀਆਈ