ਵਾਤਾਵਰਨ ਪ੍ਰੇਮੀ ਗੁਰੂ ਹਰਿ ਰਾਇ ਜੀ

0
108

ਗੁਰੂ ਹਰਿ ਰਾਇ ਸਾਹਿਬ ਦਾ ਸ਼ੁਰੂ ਤੋਂ ਹੀ ਵਾਤਾਵਰਨ ਪ੍ਰਤੀ ਵਿਸ਼ੇਸ਼ ਲਗਾਅ ਰਿਹਾ। ਸਿੱਖ ਹਲਕਿਆਂ ਵਿਚ ਉਨ੍ਹਾਂ ਦੇ ਗੁਰਤਾਗੱਦੀ ਦਿਵਸ ਨੂੰ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਗੁਰੂ ਹਰਿ ਰਾਇ ਸਾਹਿਬ ਦਾ ਜਨਮ 16 ਜਨਵਰੀ 1630 ਈ. ਨੂੰ ਗੁਰੂ ਹਰਿਗੋਬਿੰਦ ਜੀ ਦੇ ਵੱਡੇ ਬੇਟੇ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਦੇ ਘਰ ਕੀਰਤਪੁਰ ਸਾਹਿਬ (ਹੁਸ਼ਿਆਰਪੁਰ) ਵਿੱਚ ਹੋਇਆ। ਗੁਰੂ ਸਾਹਿਬ ਦੇ ਬਚਪਨ ਦਾ ਸਮਾਂ ਕੀਰਤਪੁਰ ਸਾਹਿਬ ਵਿੱਚ ਹੀ ਬੀਤਿਆ। ਜਦੋਂ ਉਹ ਅੱਠ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਮਰ ਦੇ ਅਗਲੇ 10 ਸਾਲ ਉਨ੍ਹਾਂ ਆਪਣੇ ਦਾਦਾ ਗੁਰੂ ਹਰਿਗੋਬਿੰਦ ਸਾਹਿਬ ਦੀ ਨਜ਼ਰਸਾਨੀ ਹੇਠ ਬਿਤਾਏ। ਇਸ ਨਜ਼ਰਸਾਨੀ ਸਦਕਾ ਹੀ ਉਨ੍ਹਾਂ ਦੇ ਵਿਅਕਤੀਤਵ ਵਿੱਚ ਦਾਦਾ ਗੁਰੂ ਵਾਲੀਆਂ ਸਿਫਤਾਂ ਪ੍ਰਤੀਬਿੰਬ ਹੁੰਦੀਆਂ ਰਹੀਆਂ ਹਨ।
ਗੁਰੂ ਹਰਿ ਰਾਇ ਸਾਹਿਬ ਨੇ ਆਪਣੀ ਪ੍ਰਾਇਮਰੀ ਤਾਲੀਮ ਭਾਈ ਦਰਗਾਹ ਮੱਲ ਤੋਂ ਹਾਸਲ ਕੀਤੀ ਅਤੇ ਸ਼ਸਤਰ ਕਲਾ ਭਾਈ ਬਿਧੀ ਚੰਦ ਛੀਨਾ ਤੋਂ ਗ੍ਰਹਿਣ ਕੀਤੀ। ਉਨ੍ਹਾਂ ਦੀ ਵਿਸ਼ੇਸ਼ ਲਗਨ ਅਤੇ ਉਸਤਾਦਾਂ ਦੀ ਸੰਜੀਦਗੀ ਸਦਕਾ ਉਹ 13-14 ਸਾਲ ਦੀ ਉਮਰ ਤੱਕ ਸ਼ਸਤਰ ਅਤੇ ਸ਼ਾਸਤਰ ਸਿੱਖਿਆ ’ਚ ਬਰਾਬਰਤਾ ਨਾਲ ਮੁਹਾਰਤ ਪ੍ਰਾਪਤ ਕਰ ਗਏ। ਉਨ੍ਹਾਂ ਦੇ ਉਸਤਾਦਾਂ ਵਿੱਚ ਪੁਰੋਹਿਤ ਜਾਤੀ ਮੱਲ ਦਾ ਨਾਮ ਵੀ ਜ਼ਿਕਰਯੋਗ ਹੈ। ਸੱਤਵੇਂ ਪਾਤਸ਼ਾਹ ਜਿੱਥੇ ਗਿਆਨਵਾਨ, ਮਿੱਠੇ ਅਤੇ ਨਿੱਘੜੇ ਸੁਭਾਅ ਦੇ ਮਾਲਕ ਸਨ, ਉੱਥੇ ਹੀ ਉਨ੍ਹਾਂ ਦਾ ਹਿਰਦਾ ਵੀ ਬੜਾ ਕੋਮਲ ਅਤੇ ਤਰਸੀਲਾ ਸੀ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਉਹ ਕਰਤਾਰਪੁਰ ਦੇ ਬਾਗ ਵਿੱਚ ਸੈਰ ਕਰ ਰਹੇ ਸਨ। ਉਸ ਸਮੇਂ ਹਵਾ ਬੜੀ ਤੇਜ਼ ਵਗ ਰਹੀ ਸੀ। ਹਵਾ ਕਾਰਨ ਉਨ੍ਹਾਂ ਦਾ ਜਾਮਾ ਕੁੱਝ ਬੂਟਿਆਂ ਨਾਲ ਉਲਝ ਗਿਆ। ਇਸ ਉਲਝਣ ਸਦਕਾ ਕੁੱਝ ਫੁੱਲ ਟਹਿਣੀ ਨਾਲੋਂ ਟੁੱਟ ਕੇ ਹੇਠਾਂ ਡਿੱਗ ਪਏ। ਟੁੱਟੇ ਫੁੱਲਾਂ ਨੂੰ ਦੇਖ ਕੇ ਗੁਰੂ ਸਾਹਿਬ ਦੇ ਕੋਮਲ ਹਿਰਦੇ ਨੂੰ ਬਹੁਤ ਠੇਸ ਪਹੁੰਚੀ। ਇੰਨੇ ਚਿਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ ਅਤੇ ਉਦਾਸੀ ਦਾ ਕਾਰਨ ਪੁੱਛਿਆ। ਗੁਰੂ ਹਰਿ ਰਾਇ ਸਾਹਿਬ ਨੇ ਕਿਹਾ, ‘‘ਸੱਚੇ ਪਾਤਸ਼ਾਹ ਮੇਰੇ ਖੁੱਲ੍ਹੇ ਜਾਮੇ ਨਾਲ ਅੜ ਕੇ ਇਹ ਵਿਚਾਰੇ ਨਿਰਦੋਸ਼ ਫੁੱਲ ਹੇਠਾਂ ਡਿੱਗ ਪਏ ਹਨ।’’ ਇਸ ਮੌਕੇ ਛੇਵੇਂ ਗੁਰੂ ਨੇ ਇੱਕ ਉਪਦੇਸ਼ਮਈ ਜਵਾਬ ਦਿੰਦਿਆਂ ਕਿਹਾ ਕਿ ਜੇ ਜਾਮਾ ਵੱਡਾ ਪਹਿਨੀਏ ਤਾਂ ਸੰਭਲ ਕੇ ਤੁਰਨਾ ਚਾਹੀਦਾ ਹੈ। ਉਪਦੇਸ਼ ਬੜਾ ਸਪੱਸ਼ਟ ਸੀ ਕਿ ਜੇ ਜ਼ਿੰਮੇਵਾਰੀ ਵੱਡੀ ਚੁੱਕ ਲਈਏ ਤਾਂ ਤਾਕਤ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਇਹ ਤਾਕਤ ਨਿਆਸਰਿਆਂ ਦਾ ਆਸਰਾ ਬਣਨੀ ਚਾਹੀਦੀ ਹੈ। ਗੁਰੂ ਹਰਿ ਰਾਇ ਜੀ ਨੇ ਆਪਣੇ ਦਾਦਾ ਗੁਰੂ ਜੀ ਦੇ ਉਪਦੇਸ਼ ਨੂੰ ਪੱਲ੍ਹੇ ਨਾਲ ਬੰਨ੍ਹ ਲਿਆ। ਸਾਰੀ ਹਯਾਤੀ ਇਸ ਉਪਦੇਸ਼ ਦੀ ਕਮਾਈ ਕੀਤੀ ਅਤੇ ਤਾਣ ਹੁੰਦਿਆਂ ਵੀ ਨਿਤਾਣੇ ਬਣੇ ਰਹੇ। ਗੁਰੂ ਸਾਹਿਬ ਸ਼ੇਖ ਫਰੀਦ ਜੀ ਦੇ ਇਹ ਬਚਨ ਬੜੇ ਪ੍ਰੇਮ ਨਾਲ ਉਚਾਰਿਆ ਕਰਦੇ ਸਨ:
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ॥

ਇਸ ਤੋਂ ਇਲਾਵਾ ਉਹ ਸ਼ਬਦ ‘ਪਾਤੀ ਤੈਰੋ ਮਾਲਿਨੀ ਪਾਤੀ ਪਾਤੀ ਜੀਉ’ ਵੀ ਬੜੇ ਵਿਸਮਾਦ ਵਿੱਚ ਗਾਇਆ ਕਰਦੇ ਸਨ। ਗੁਰੂ ਹਰਿ ਰਾਇ ਸਾਹਿਬ ਦਾ ਵਿਆਹ ਅਨੂਪ ਸ਼ਹਿਰ (ਯੂਪੀ) ਦੇ ਵਸਨੀਕ ਸ੍ਰੀ ਦਇਆ ਰਾਮ ਦੀ ਬੇਟੀ ਬੀਬੀ ਕ੍ਰਿਸ਼ਨ ਕੌਰ ਨਾਲ ਹੋਈ। ਉਨ੍ਹਾਂ ਦੇ ਘਰ ਦੋ ਪੁੱਤਰਾਂ ਸ੍ਰੀ ਰਾਮ ਰਾਇ ਅਤੇ ਸ੍ਰੀ ਹਰਿਕ੍ਰਿਸ਼ਨ ਨੇ ਜਨਮ ਲਿਆ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ 3 ਮਾਰਚ 1644 ਈ. ਨੂੰ ਜੋਤੀ ਜੋਤ ਸਮਾ ਗਏ। ਉਸ ਤੋਂ ਪੰਜ ਦਿਨ ਬਾਅਦ 8 ਮਾਰਚ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਭਾਨਾ (ਸਪੁੱਤਰ ਬਾਬਾ ਬੁੱਢਾ ਸਾਹਿਬ) ਜੀ ਨੇ ਗੁਰੂ ਹਰਿ ਰਾਇ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ। ਸੱਤਵੇਂ ਗੁਰੂ ਹਰਿ ਰਾਇ ਜੀ ਨੇ ਆਪਣੇ ਦਾਦਾ ਗੁਰੂ ਵਾਂਗ ਸਿੱਖਾਂ ’ਚੋਂ ਬੀਰ ਰਸ ਨੂੰ ਮੱਧਮ ਨਹੀਂ ਪੈਣ ਦਿੱਤਾ। ਇਸ ਦੌਰਾਨ ਜਿੱਥੇ 2000 ਤੋਂ ਵੀ ਵਧੇਰੇ ਸੈਨਿਕ ਯੁੱਧ ਕਲਾਵਾਂ ਦਾ ਅਕਸਰ ਅਭਿਆਸ ਕਰਦੇ ਰਹਿੰਦੇ ਸਨ, ਉੱਥੇ ਹੀ ਕਿਸੇ ਵੀ ਔਖੀ ਘੜੀ ਦਾ ਸਾਹਮਣਾ ਕਰਨ ਲਈ ਸਦਾ ਚੜ੍ਹਦੀ ਕਲਾ ਵਿੱਚ ਵੀ ਰਹਿੰਦੇ ਸਨ। ਉਨ੍ਹਾਂ ਵੱਲੋਂ ਗੁਰੂ ਦੇ ਲੰਗਰ ਲਈ ਇੱਕ ਵਿਸ਼ੇਸ਼ ਹਦਾਇਤ ਸੀ ਕਿ ਭੁੱਖ ਦਾ ਕੋਈ ਸਮਾਂ ਨਹੀਂ ਹੁੰਦਾ। ਜਦੋਂ ਵੀ ਕੋਈ ਲੋੜਵੰਦ ਲੰਗਰ ਵਿੱਚ ਆਵੇ, ਉਸ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰ ਕੇ ਛਕਾਇਆ ਜਾਵੇ। ਉਹ ਇੰਨੇ ਰਹਿਮ ਦਿਲ ਸਨ ਕਿ ਕਿਸੇ ਵੀ ਦੁਖੀ ਦੇ ਦੁੱਖ ਨੂੰ ਸਹਿਣ ਨਹੀਂ ਕਰ ਸਕਦੇ ਸਨ। ਇਸ ਲਈ ਰੋਗੀਆਂ ਦੇ ਰੋਗ ਦੂਰ ਕਰਨ ਲਈ ਉਨ੍ਹਾਂ ਇੱਕ ਦਵਾਖਾਨਾ ਵੀ ਖੋਲ੍ਹਿਆ ਹੋਇਆ ਸੀ। ਇਸ ਦਵਾਖਾਨੇ ’ਚੋਂ ਗਰੀਬਾਂ ਅਤੇ ਲੋੜਵੰਦਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਸਨ। ਮੁਗਲ ਬਾਦਸ਼ਾਹ ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋਹ ਵੀ ਉਨ੍ਹਾਂ ਵੱਲੋਂ ਦਿੱਤੀਆਂ ਦਵਾਈਆਂ ਦੀ ਬਦੌਲਤ ਹੀ ਸਿਹਤਯਾਬ ਹੋਇਆ ਸੀ। ਲੋੜ ਪੈਣ ’ਤੇ ਗੁਰੂ ਸਾਹਿਬ ਨੇ ਦਾਰਾ ਸ਼ਿਕੋਹ ਦੀ ਮਦਦ ਵੀ ਕੀਤੀ। ਜਦੋਂ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਤਾਂ ਉਨ੍ਹਾਂ ਨੇ ਆਪਣੇ ਜੇਠੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਅਤੇ ਨਾਲ ਹੀ ਹਦਾਇਤ ਕੀਤੀ ਕਿ ਔਰੰਗਜ਼ੇਬ ਦੇ ਦਰਬਾਰ ਵਿੱਚ ਜਾ ਕੇ ਜੋ ਵੀ ਬਚਨ ਬਿਲਾਸ ਕਰਨੇ ਹਨ, ਉਹ ਗੁਰੂ ਨਾਨਕ ਪਾਤਸ਼ਾਹ ਦੇ ਆਸ਼ੇ ਦੇ ਅਨੁਸਾਰੀ ਹੋਣੇ ਚਾਹੀਦੇ ਹਨ ਪਰ ਗੁਰੂ ਸਾਹਿਬ ਦੀ ਹਦਾਇਤ ਦੇ ਉਲਟ ਰਾਮ ਰਾਏ ਨੇ ਬਾਦਸ਼ਾਹ ਨੂੰ ਖੁਸ਼ ਕਰਨ ਹਿੱਤ ਰੱਬੀ ਬਾਣੀ ਵਿੱਚ ਹੇਰ-ਫੇਰ ਕਰਦਿਆਂ ‘ਮਿੱਟੀ ਮੁਸਲਮਾਨ ਕੀ’ ਵਾਲੀ ਤੁਕ ਨੂੰ ਗਲਤ ਬੋਲ ਕੇ ਬਾਦਸ਼ਾਹ ਨੂੰ ਤਾਂ ਖੁਸ਼ ਕਰ ਲਿਆ ਪਰ ਗੁਰੂ ਨਾਨਕ ਦੇ ਘਰ ਨਾਲ ਸਦਾ ਲਈ ਨਾਰਾਜ਼ਗੀ ਮੁੱਲ ਲੈ ਲਈ। ਗੁਰੂ ਹਰਿਰਾਇ ਸਾਹਿਬ ਨੂੰ ਰਾਮ ਰਾਇ ਦੀ ਇਸ ਕਾਰਵਾਈ ਨਾਲ ਬੜਾ ਦੁੱਖ ਲੱਗਾ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਸਾਰੀ ਉਮਰ ਉਸ ਨੂੰ ਮੂੰਹ ਨਹੀਂ ਲਗਾਉਣਗੇ। ਇਸੇ ਕਰਕੇ ਉਨ੍ਹਾਂ ਨੇ ਗੁਰਗੱਦੀ ਦਾ ਹੱਕਦਾਰ ਆਪਣੇ ਛੋਟੇ ਪੁੱਤਰ (ਗੁਰੂ) ਹਰਿਕ੍ਰਿਸ਼ਨ ਨੂੰ ਚੁਣਿਆ। ਗੁਰੂ ਹਰਿ ਰਾਇ ਸਾਹਿਬ ਦਾ ਅਖਰੀਲਾ ਸਮਾਂ ਕੀਰਤਪੁਰ ਸਾਹਿਬ ਵਿੱਚ ਹੀ ਬੀਤਿਆ। 6 ਅਕਤੂਬਰ 1661 ਈ. (ਸੰਮਤ 1718) ਨੂੰ ਉਹ ਜੋਤੀ ਜੋਤ ਸਮਾ ਗਏ। ਉਨ੍ਹਾਂ ਦਾ ਸਸਕਾਰ ਸਤਲੁਜ ਦਰਿਆ ਕੰਢੇ ਪਾਤਾਲਪੁਰੀ ਵਿੱਚ ਕੀਤਾ ਗਿਆ।
ਰਮੇਸ਼ ਬੱਗਾ ਚੋਹਲਾ ਸੰਪਰਕ: 94631-32719