ਧਮਕੀ ਨਾ ਦਿਉ, ਮੇਰੀ ਅਦਾਲਤ ’ਚੋਂ ਬਾਹਰ ਨਿਕਲ ਜਾਓ: ਚੀਫ਼ ਜਸਟਿਸ

0
177

ਨਵੀਂ ਦਿੱਲੀ(ਪੀਟੀਆਈ ) : ਸੁਪਰੀਮ ਕੋਰਟ ’ਚ ਅੱਜ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸਸੀਬੀਏ) ਦੇ ਪ੍ਰਧਾਨ ਵਿਕਾਸ ਸਿੰਘ ਵਿਚਕਾਰ ਤਿੱਖੀ ਤਕਰਾਰ ਦੇਖਣ ਨੂੰ ਮਿਲੀ। ਵਕੀਲਾਂ ਦੇ ਚੈਂਬਰ ਲਈ ਜ਼ਮੀਨ ਅਲਾਟ ਕਰਨ ਸਬੰਧੀ ਕੇਸ ’ਚ ਚੀਫ਼ ਜਸਟਿਸ ਨੇ ਸੀਨੀਅਰ ਵਕੀਲ ਨੂੰ ਨਿਰਦੇਸ਼ ਦਿੱਤੇ ਕਿ ਉਹ ਉੱਚੀ ਆਵਾਜ਼ ’ਚ ਬੋਲਣਾ ਬੰਦ ਕਰੇ ਅਤੇ ਅਦਾਲਤ ਛੱਡ ਕੇ ਚਲਾ ਜਾਵੇ।
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਚੀਫ਼ ਜਸਟਿਸ ਦੀ ਅਗਵਾਈ ਹੇਠਲੇ ਬੈਂਚ ਨੂੰ ਕਿਹਾ ਕਿ ਉਹ ਕੇਸ ਸੂਚੀਬੱਧ ਕਰਾਉਣ ਲਈ ਪਿਛਲੇ ਛੇ ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ ਹੈ। ਵਿਕਾਸ ਸਿੰਘ ਨੇ ਕਿਹਾ,‘‘ਐੱਸਸੀਬੀਏ ਵੱਲੋਂ ਪਾਈ ਪਟੀਸ਼ਨ ’ਤੇ ਅੱਪੂ ਘਰ ਜ਼ਮੀਨ ਸੁਪਰੀਮ ਕੋਰਟ ਨੂੰ ਮਿਲੀ ਅਤੇ ਬਾਰ ਨੂੰ ਬੜੀ ਬੇਦਿਲੀ ਨਾਲ ਸਿਰਫ਼ ਇਕ ਬਲਾਕ ਦਿੱਤਾ ਗਿਆ। ਸਾਬਕਾ ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੇ ਕਾਰਜਕਾਲ ਦੌਰਾਨ ਜ਼ਮੀਨ ’ਤੇ ਉਸਾਰੀ ਦਾ ਕੰਮ ਸ਼ੁਰੂ ਹੋਇਆ ਸੀ। ਪਿਛਲੇ ਛੇ ਮਹੀਨਿਆਂ ਤੋਂ ਅਸੀਂ ਮਾਮਲੇ ਨੂੰ ਸੂਚੀਬੱਧ ਕਰਾਉਣ ਲਈ ਸੰਘਰਸ਼ ਕਰ ਰਹੇ ਹਾਂ। ਮੇਰੇ ਨਾਲ ਵੀ ਆਮ ਅਰਜ਼ੀਕਾਰ ਵਾਂਗ ਵਤੀਰਾ ਅਪਣਾਇਆ ਜਾਵੇ।’’ ਇਸ ’ਤੇ ਚੀਫ਼ ਜਸਟਿਸ ਨੇ ਕਿਹਾ,‘‘ਤੁਸੀਂ ਇੰਜ ਜ਼ਮੀਨ ਦੀ ਮੰਗ ਨਹੀਂ ਕਰ ਸਕਦੇ ਹੋ। ਤੁਸੀਂ ਸਾਨੂੰ ਦੱਸੋ ਜਦੋਂ ਅਸੀਂ ਪੂਰਾ ਦਿਨ ਵਿਹਲੇ ਬੈਠੇ ਰਹੇ ਹਾਂ।’’ ਇਸ ’ਤੇ ਵਿਕਾਸ ਸਿੰਘ ਨੇ ਜਵਾਬ ਦਿੱਤਾ,‘‘ਮੈਂ ਇਹ ਨਹੀਂ ਆਖ ਰਿਹਾ ਹਾਂ ਕਿ ਤੁਸੀਂ ਪੂਰਾ ਦਿਨ ਵਿਹਲੇ ਬੈਠੇ ਰਹਿੰਦੇ ਹੋ। ਮੈਂ ਸਿਰਫ਼ ਮਾਮਲਾ ਸੂਚੀਬੱਧ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੇਕਰ ਇਹ ਸੂਚੀਬੱਧ ਨਾ ਹੋਇਆ ਤਾਂ ਤੁਹਾਡੇ ਲਾਰਡਸ਼ਿਪਸ ਦੀ ਰਿਹਾਇਸ਼ ’ਤੇ ਇਹ ਮਾਮਲਾ ਲਿਜਾਣਾ ਪਵੇਗਾ। ਮੈਂ ਨਹੀਂ ਚਾਹੁੰਦਾ ਕਿ ਬਾਰ ਨਾਲ ਇੰਜ ਵਿਵਹਾਰ ਕੀਤਾ ਜਾਵੇ।’’ ਇਸ ’ਤੇ ਜਸਟਿਸ ਚੰਦਰਚੂੜ ਗੁੱਸੇ ’ਚ ਆ ਗਏ ਅਤੇ ਉਨ੍ਹਾਂ ਕਿਹਾ,‘‘ਚੀਫ਼ ਜਸਟਿਸ ਨੂੰ ਇੰਜ ਧਮਕੀ ਨਾ ਦਿਉ। ਕੀ ਇੰਜ ਵਿਵਹਾਰ ਕੀਤਾ ਜਾਂਦਾ ਹੈ। ਬੈਠ ਜਾਓ। ਇੰਜ ਇਹ ਸੂਚੀਬੱਧ ਨਹੀਂ ਹੋਵੇਗੀ। ਮੇਰੀ ਅਦਾਲਤ ’ਚੋਂ ਬਾਹਰ ਨਿਕਲ ਜਾਓ। ਮੈਨੂੰ ਇੰਜ ਨਹੀਂ ਝੁਕਾਇਆ ਜਾ ਸਕਦਾ ਹੈ। ਵਿਕਾਸ ਸਿੰਘ, ਆਪਣੀ ਆਵਾਜ਼ ਉੱਚੀ ਨਾ ਕਰੋ। ਪ੍ਰਧਾਨ ਵਜੋਂ ਤੁਹਾਨੂੰ ਬਾਰ ਦਾ ਮਾਰਗਦਰਸ਼ਕ ਅਤੇ ਲੀਡਰ ਹੋਣਾ ਚਾਹੀਦਾ ਹੈ। ਮੈਨੂੰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਤੁਸੀਂ ਗੱਲਬਾਤ ਦਾ ਪੱਧਰ ਡੇਗ ਰਹੇ ਹੋ। ਤੁਸੀਂ ਧਾਰਾ 32 ਤਹਿਤ ਪਟੀਸ਼ਨ ਦਾਖ਼ਲ ਕਰਦਿਆਂ ਦਾਅਵਾ ਕੀਤਾ ਹੈ ਕਿ ਸੁਪਰੀਮ ਕੋਰਟ ਨੂੰ ਅਲਾਟ ਜ਼ਮੀਨ ਚੈਂਬਰਾਂ ਦੀ ਉਸਾਰੀ ਲਈ ਬਾਰ ਨੂੰ ਸੌਂਪੀ ਜਾਵੇ। ਜਦੋਂ ਇਹ ਮਾਮਲਾ ਆਵੇਗਾ ਤਾਂ ਹੀ ਅਸੀਂ ਇਸ ਨਾਲ ਨਜਿੱਠਾਂਗੇ। ਤੁਸੀਂ ਮਨਚਾਹੀ ਰਾਹਤ ਲੈਣ ਲਈ ਸਾਡੀ ਬਾਂਹ ਮਰੋੜਨ ਦੀ ਕੋਸ਼ਿਸ਼ ਨਾ ਕਰੋ।’’ ਚੀਫ਼ ਜਸਟਿਸ ਨੇ ਕਿਹਾ ਕਿ ਉਹ 17 ਮਾਰਚ ਨੂੰ ਸੁਣਵਾਈ ਕਰਨਗੇ ਪਰ ਇਹ ਲੜੀ ’ਚ ਪਹਿਲੇ ਨੰਬਰ ’ਤੇ ਨਹੀਂ ਹੋਵੇਗਾ। ਐੱਸਸੀਬੀਏ ਪ੍ਰਧਾਨ ਨੇ ਕਿਹਾ ਕਿ ਇਸ ਕੇਸ ’ਚ ਉਨ੍ਹਾਂ ਨੂੰ ਮਜਬੂਰੀ ’ਚ ਅਜਿਹਾ ਤਰਕਹੀਣ ਕਦਮ ਉਠਾਉਣਾ ਪਿਆ ਹੈ। ਜਸਟਿਸ ਚੰਦਰਚੂੜ ਨੇ ਵਿਕਾਸ ਸਿੰਘ ਨੂੰ ਕਿਹਾ,‘‘ਮੈਂ ਚੀਫ਼ ਜਸਟਿਸ ਹਾਂ। ਮੈਂ 29 ਮਾਰਚ, 2000 ਤੋਂ ਇਥੇ ਹਾਂ। ਮੈਂ ਇਸ ਕਿੱਤੇ ’ਚ 22 ਸਾਲਾਂ ਤੋਂ ਹਾਂ। ਮੈਂ ਬਾਰ ਦੇ ਮੈਂਬਰ, ਅਰਜ਼ੀਕਾਰ ਜਾਂ ਕਿਸੇ ਹੋਰ ਅੱਗੇ ਝੁਕਿਆ ਨਹੀਂ ਹਾਂ। ਮੈਂ ਆਪਣੇ ਕਰੀਅਰ ਦੇ ਆਖਰੀ ਦੋ ਸਾਲਾਂ ’ਚ ਵੀ ਕਿਸੇ ਅੱਗੇ ਝੁਕਾਂਗਾ ਨਹੀਂ।’’ ਇਸ ’ਤੇ ਵੀ ਵਿਕਾਸ ਸਿੰਘ ਚੁੱਪ ਨਹੀਂ ਹੋਇਆ ਅਤੇ ਉਸ ਨੇ ਕਿਹਾ,‘‘ਇਹ ਰਵੱਈਆ ਠੀਕ ਨਹੀਂ ਹੈ। ਜੇਕਰ ਬਾਰ ਅਦਾਲਤ ਨਾਲ ਸਹਿਯੋਗ ਕਰ ਰਹੀ ਹੈ ਤਾਂ ਇਹ ਨਾ ਸਮਝਿਆ ਜਾਵੇ ਕਿ ਉਹ ਹਰ ਆਖਾ ਮੰਨੇਗੀ। ਇਹ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ।’’ ਇਸ ’ਤੇ ਚੀਫ਼ ਜਸਟਿਸ ਨੇ ਕਿਹਾ ਕਿ ਉਹ ਆਪਣਾ ਏਜੰਡਾ ਅਦਾਲਤ ਦੇ ਕਮਰੇ ਬਾਹਰ ਹੱਲ ਕਰੇ। ਜਿਵੇਂ ਹੀ ਕੇਸਾਂ ਦੇ ਜ਼ਿਕਰ ਦਾ ਅਮਲ ਮੁਕੰਮਲ ਹੋਇਆ ਤਾਂ ਸ਼ਿਵ ਸੈਨਾ ਕੇਸ ਲਈ ਅਦਾਲਤ ’ਚ ਹਾਜ਼ਰ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਬਾਰ ਤਰਫ਼ੋਂ ਬੈਂਚ ਤੋਂ ਮੁਆਫ਼ ਮੰਗੀ ਤੇ ਕਿਹਾ ਕਿ ਲਕਸ਼ਮਣ ਰੇਖਾ ਕਿਸੇ ਨੂੰ ਵੀ ਨਹੀਂ ਉਲੰਘਣੀ ਚਾਹੀਦੀ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਅਜਿਹਾ ਰਵੱਈਆ ਦਿਖਾਉਣ ਦਾ ਕੋਈ ਕਾਰਨ ਨਹੀਂ ਹੈ। ‘ਅਸੀਂ ਪੂਰਾ ਦਿਨ ਇਥੇ ਬੈਠੇ ਰਹਿੰਦੇ ਹਾਂ ਤੇ ਇਕ ਦਿਨ ’ਚ 70-80 ਕੇਸਾਂ ਦੀ ਸੁਣਵਾਈ ਕਰਦੇ ਹਾਂ। ਇਨ੍ਹਾਂ ਸਾਰੇ ਮਾਮਲਿਆਂ ਲਈ ਮੈਂ ਸ਼ਾਮ ਨੂੰ ਆਪਣੇ ਸਟਾਫ ਨਾਲ ਬੈਠ ਕੇ ਉਨ੍ਹਾਂ ਨੂੰ ਤਰੀਕਾਂ ਦਿੰਦਾ ਹਾਂ।’ ਸੀਨੀਅਰ ਵਕੀਲ ਨੀਰਜ ਕਿਸ਼ਨ ਕੌਲ ਨੇ ਵੀ ਬੈਂਚ ਤੋਂ ਮੁਆਫ਼ੀ ਮੰਗੀ। –