ਤਕਦੀਰ ਸਿੰਘ ਮੁੱਕੇਬਾਜ਼, ਯੂ.ਈ.ਐੱਫ਼.-2023 ‘ਚ ਬਣਿਆ ਚੈਂਪੀਅਨ

0
102

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਪਹਿਲੇ ਭਾਰਤੀ ਮੁੱਕੇਬਾਜ਼ ਤਕਦੀਰ ਸਿੰਘ ਵਲੋਂ 63.5 ਕਿੱਲੋ ਵਰਗ ਦੇ ਅੰਤਰਰਾਸ਼ਟਰੀ ਯੂ.ਈ.ਐੱਫ਼.-2023 ਮੁੱਕੇਬਾਜ਼ੀ ਮੁਕਾਬਲੇ ਵਿਚ ਮੰਗੋਲੀਆ ਦੇ ਖਿਡਾਰੀ ਨੂੰ ਮਾਤ ਦੇ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਗਿਆ ਹੈ | ਹਾਂਗਕਾਂਗ ਬਾਕਸਿੰਗ ਐਸੋਸੀਏਸ਼ਨ ਵਲੋਂ ਕਰਵਾਏ ਗਏ ਮੁਕਾਬਲੇ ਵਿਚ 54 ਤੋਂ 81 ਕਿੱਲੋ ਵਰਗ ਦੇ ਹਾਂਗਕਾਂਗ, ਮੰਗੋਲੀਆ ਅਤੇ ਕੰਬੋਡੀਆ ਦੇ ਖਿਡਾਰੀਆਂ ਵਲੋਂ ਜ਼ੋਰ ਅਜ਼ਮਾਇਸ਼ ਕਰਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ | ਹਾਂਗਕਾਂਗ ਸਰਕਾਰ ਦੇ ਖੇਡ ਵਿਭਾਗ ਦੇ ਆਲਾ ਅਧਿਕਾਰੀਆਂ ਵਲੋਂ ਤਕਦੀਰ ਸਿੰਘ ਨੂੰ ਚੈਂਪੀਅਨਸ਼ਿਪ ਦੀ ਬੈਲਟ ਦੇ ਕੇ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਤਕਦੀਰ ਸਿੰਘ ਵਲੋਂ ਹਾਲ ਹੀ ਵਿਚ ਹਾਂਗਕਾਂਗ ਬਾਕਸਿੰਗ ਚੈਂਪੀਅਨਸ਼ਿਪ 2022 ਜਿੱਤੀ ਗਈ ਸੀ | ਹਾਂਗਕਾਂਗ ਦੀ ਨੁਮਾਇੰਦਗੀ ਕਰਦਿਆਂ ਤਕਦੀਰ ਸਿੰਘ ਵਲੋਂ ਫਿਨਲੈਂਡ ਅਤੇ ਥਾਈਲੈਂਡ ਵਿਚ ਹੋਏ ਅੰਤਰਰਾਸ਼ਟਰੀ ਬਾਕਸਿੰਗ ਮੁਕਾਬਲਿਆਂ ਵਿਚ ਆਪਣੀ ਖੇਡ ਦਾ ਲੋਹਾ ਮੰਨਵਾਇਆ ਗਿਆ ਅਤੇ ਹੁਣ ਹਾਂਗਕਾਂਗ ‘ਚ ਹੋਏ ਯੂ.ਈ.ਐੱਫ਼.-2023 ਅੰਤਰਰਾਸ਼ਟਰੀ ਮੁਕਾਬਲੇ ਵਿਚ ਚੈਂਪੀਅਨਸ਼ਿਪ ਹਾਸਲ ਕਰਕੇ ਭਾਰਤੀ ਭਾਈਚਾਰੇ ਦੀ ਸ਼ਾਨ ਵਿਚ ਵੀ ਵਾਧਾ ਕੀਤਾ ਗਿਆ ਹੈ |