ਰੀਓ ਓਲੰਪਿਕ ਦਾ ਸੱਚ ਆਇਆ ਸਾਹਮਣੇ

0
366

ਰੀਓ ਡੀ ਜਿਨੇਰੋ, 6 ਸਤੰਬਰ : ਬ੍ਰਾਜ਼ੀਲ ਦੇ ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮੁਲਕ ਦੇ ਓਲੰਪਿਕ ਪ੍ਰਮੁੱਖ ਨੇ ਕੌਮਾਂਤਰੀ ਓਲੰਪਿਕ ਕਮੇਟੀ ਨੂੰ ਰਿਸ਼ਵਤ ਦੇ ਕੇ ਰੀਓ ਓਲੰਪਿਕ ਦੀ ਮੇਜ਼ਬਾਨੀ ਹਾਸਲ ਕਰਨ ਦੀ ਸਾਜ਼ਿਸ਼ ਰਚੀ ਸੀ। ਬ੍ਰਾਜ਼ੀਲ ਪੁਲੀਸ ਨੇ ਬੀਤੇ ਦਿਨ ਇਕ ਬਿਆਨ ਵਿੱਚ ਕਿਹਾ ਸੀ ਕਿ ਉਹ ਕੌਮਾਂਤਰੀ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਹੀ ਹੈ, ਜੋ 2016 ਓਲੰਪਿਕ ਦੀ ਮੇਜ਼ਬਾਨੀ ਰੀਓ ਨੂੰ ਦਿੱਤੇ ਜਾਣ ਲਈ ਵੋਟ ਖਰੀਦਣ ਦੇ ਮਕਸਦ ਨਾਲ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਕਈ ਮੁਲਕਾਂ ਵਿੱਚ ਨੌਂ ਮਹੀਨਿਆਂ ਤਕ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕੁਝ ਦਾ ਗੜਬੜ ਹੈ। ਪੁਲੀਸ ਮੁਤਾਬਕ ਬ੍ਰਾਜ਼ੀਲ ਓਲੰਪਿਕ ਦੇ ਪ੍ਰਮੁੱਖ ਕਾਰਲੋਸ ਆਰਥਰ ਨੁਜ਼ਮੈਨ ਨੂੰ ਪੁੱਛਗਿੱਛ ਲਈ ਸੱਦਣ ਤੋਂ ਇਲਾਵਾ ਉਨ੍ਹਾਂ ਦੇ ਘਰ ਦੀ ਵੀ ਤਲਾਸ਼ੀ ਲਈ ਗਈ ਹੈ। ਇਸ ਦੌਰਾਨ ਨੁਜਮੈਨ ਦਾ ਪਾਸਪੋਰਟ ਪੁਲੀਸ ਨੇ ਜ਼ਬਤ ਕਰ ਲਿਆ ਹੈ ਜਦਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਕਾਰੋਬਾਰੀ ਆਰਥਰ ਸੋਰੇਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਓਲੰਪਿਕ ਤੋਂ ਪਹਿਲਾਂ ਸਰਕਾਰ ਵੱਲੋਂ ਉਸ ਨੂੰ ਮੋਟੀ ਰਕਮ ਵਾਲੇ ਠੇਕੇ ਦਿੱਤੇ ਗਏ ਸਨ। ਉਧਰ ਸਵਿਟਜ਼ਰਲੈਂਡ ਦੇ ਲੁਸਾਨੇ ਵਿੱਚ ਆਈਓਸੀ ਦੇ ਤਰਜਮਾਨ ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ,‘ਆਈਓਸੀ ਨੂੰ ਜੋ ਵੀ ਜਾਣਕਾਰੀ ਮਿਲੀ ਹੈ, ਉਹ ਮੀਡੀਆ ਜ਼ਰੀਏ ਮਿਲੀ ਹੈ ਅਤੇ ਅਸੀਂ ਪੂਰੀ ਜਾਣਕਾਰੀ ਹਾਸਲ ਕਰਨ ਲਈ ਯਤਨ ਕਰ ਰਹੇ ਹਾਂ।’    -ਏਐਫਪੀ