ਚੀਨ ਵਿੱਚ ਦੋ ਸਾਲਾਂ ਬਾਅਦ ਗਾਂਧੀ ਜੈਅੰਤੀ ਮਨਾਈ

0
79

ਈਚਿੰਗ, (-ਪੀਟੀਆਈ) : ਕੋਵਿਡ ਮਹਾਮਾਰੀ ਦੇ ਦੋ ਸਾਲਾਂ ਮਗਰੋਂ ਚੀਨ ਦੇ ਚਾਓਯਾਂਗ ਪਾਰਕ ’ਚ ਗਾਂਧੀ ਜੈਅੰਤੀ ਮਨਾਈ ਗਈ। ਇਸ ਮੌਕੇ ਚੀਨੀ ਸਕੂਲ ਦੇ ਬੱਚਿਆਂ ਅਤੇ ਭਾਰਤੀ ਪਰਵਾਸੀਆਂ ਨੇ ਬਾਪੂ ਦੇ ਭਜਨ ਗਾਏ। ਪਾਰਕ ’ਚ 2005 ’ਚ ਮਹਾਤਮਾ ਗਾਂਧੀ ਦਾ ਬੁੱਤ ਲਗਾਇਆ ਗਿਆ ਸੀ ਅਤੇ ਉਦੋਂ ਤੋਂ ਗਾਂਧੀ ਜੈਅੰਤੀ ਮਨਾਈ ਜਾ ਰਹੀ ਹੈ। ਉੱਘੇ ਬੁੱਤਘਾੜੇ ਯੁਆਨ ਸ਼ਿਕੁਨ ਨੇ ਬਾਪੂ ਦਾ ਬੁੱਤ ਤਿਆਰ ਕੀਤਾ ਹੈ। ਯੁਆਨ ਨੇ ਚੀਨ ਸਮੇਤ ਦੁਨੀਆ ਦੇ ਵੱਡੇ ਅਤੇ ਮਸ਼ਹੂਰ ਆਗੂਆਂ ਦੇ ਬੁੱਤ ਤਿਆਰ ਕੀਤੇ ਹਨ। ਭਾਰਤੀ ਸਫ਼ੀਰ ਪ੍ਰਦੀਪ ਕੁਮਾਰ ਰਾਵਤ ਨੇ ਕਿਹਾ ਕਿ ਮਹਾਤਮਾ ਗਾਂਧੀ ਵੱਲੋਂ ਦਿੱਤਾ ਗਿਆ ਅਹਿੰਸਾ ਦਾ ਸੁਨੇਹਾ ਮਨੁੱਖਤਾ, ਜਾਨਵਰਾਂ ਅਤੇ ਕੁਦਰਤ ’ਤੇ ਵੀ ਲਾਗੂ ਹੁੰਦਾ ਹੈ। ਯੁਆਨ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਗਾਂਧੀ ਦਾ ਬੁੱਤ ਭਾਰਤ ਅਤੇ ਚੀਨ ਦੇ ਲੋਕਾਂ ਵਿਚਕਾਰ ਦੋਸਤੀ ਦਾ ਪ੍ਰਤੀਕ ਹੈ। ਇਸ ਮੌਕੇ ਬੱਚੇ ਅਤੇ ਹੋਰ ਅਮਲਾ ਗਾਂਧੀ ਦੇ ਭੇਸ ’ਚ ਤਿਆਰ ਹੋਇਆ ਅਤੇ ਉਨ੍ਹਾਂ ਦੇ ਮਸ਼ਹੂਰ ਕਥਨਾਂ ਨੂੰ ਬੋਲ ਕੇ ਵਾਹ-ਵਾਹੀ ਖੱਟੀ।