ਏਸ਼ੀਆ ਕੱਪ : ਭਾਰਤ ਤੇ ਹਾਂਗਕਾਂਗ ਦੀ ਟੱਕਰ ਅੱਜ

0
175

ਦੁਬਈ (ਪੀਟੀਆਈ) : ਪਹਿਲੇ ਮੈਚ ਵਿਚ ਧੁਰ ਵਿਰੋਧੀ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਆਤਮ ਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਏਸ਼ੀਆ ਕੱਪ ਦੇ ਦੂਜੇ ਤੇ ਆਖ਼ਰੀ ਲੀਗ ਮੈਚ ਵਿਚ ਬੁੱਧਵਾਰ ਨੂੰ ਹਾਂਗਕਾਂਗ ਖ਼ਿਲਾਫ਼ ਬੱਲੇਬਾਜ਼ੀ ਨੰਬਰ ਜਾਂ ਟੀਮ ਵਿਚ ਤਬਦੀਲੀ ਕਰ ਸਕਦੀ ਹੈ। ਟੀਮ ਜੇ ਇਸ ਮੈਚ ਨੂੰ ਜਿੱਤਣ ਵਿਚ ਕਾਮਯਾਬ ਰਹੀ ਤਾਂ ਸੁਪਰ ਚਾਰ ਵਿਚ ਥਾਂ ਪੱਕੀ ਕਰ ਲਵੇਗੀ। ਕੇਐੱਲ ਰਾਹੁਲ ਵਰਗੇ ਬੱਲੇਬਾਜ਼ਾਂ ਲਈ ਇਹ ਲੈਅ ਵਿਚ ਮੁੜਨ ਦਾ ਸੁਨਹਿਰਾ ਮੌਕਾ ਵੀ ਹੋਵੇਗਾ। ਹਾਂਗਕਾਂਗ ਦੀ ਟੀਮ ਵਿਚ ਭਾਰਤ ਤੇ ਪਾਕਿਸਤਾਨੀ ਮੂਲ ਦੇ ਹੀ ਖਿਡਾਰੀ ਹਨ।
ਹਾਰਦਿਕ ਪਾਂਡਿਆ ਦੇ ਸ਼ਾਨਦਾਰ ਹਰਫ਼ਨਮੌਲਾ ਪ੍ਰਦਰਸ਼ਨ ਦੇ ਦਮ ‘ਤੇ ਪਾਕਿਸਤਾਨ ਨੂੰ ਆਖ਼ਰੀ ਓਵਰ ਵਿਚ ਹਰਾਉਣ ਤੋਂ ਬਾਅਦ ਹੁਣ ਧਿਆਨ ਬੱਲੇਬਾਜ਼ੀ ਅਭਿਆਸ ‘ਤੇ ਹੋਵੇਗਾ। ਕੇਐੱਲ ਰਾਹੁਲ ਵੀ ਬੱਲੇਬਾਜ਼ੀ ਅਭਿਆਸ ‘ਤੇ ਧਿਆਨ ਕੇਂਦਰਤ ਕਰਨਾ ਚਾਹੁਣਗੇ। ਭਾਰਤ ਦੀਆਂ ਨਜ਼ਰਾਂ 16 ਅਕਤੂਬਰ ਤੋਂ 13 ਨਵੰਬਰ ਤਕ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਸਹੀ ਟੀਮ ਦੀ ਭਾਲ ਕਰਨ ‘ਤੇ ਵੀ ਹਨ। ਹਾਂਗਕਾਂਗ ਕੋਲ ਪਾਕਿਸਤਾਨ ਵਰਗੇ ਗੇਂਦਬਾਜ਼ ਤਾਂ ਨਹੀਂ ਹਨ ਪਰ ਉਸ ਨੂੰ ਘੱਟ ਵੀ ਨਹੀਂ ਸਮਿਝਆ ਜਾ ਸਕਦਾ ਕਿਉਂਕਿ ਇਕ ਅਣਜਾਣ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਕਿਆਸ ਨਹੀਂ ਲਾਇਆ ਜਾ ਸਕਦਾ।